ਲੁਧਿਆਣਾ : ਦੁੱਗਰੀ ਧਾਂਦਰਾ ਰੋਡ ਦੇ ਕੋਲ ਬਣੇ ਨਵੇਂ ਬਾਈਪਾਸ ਦੇ ਨੇੜਿਓਂ ਪੰਜ ਬਦਮਾਸ਼ਾਂ ਨੇ ਚਿੱਟੇ ਦਿਨ ਤਿੰਨ ਮਹੀਨਿਆਂ ਦੇ ਨਿਹਾਲ ਨਾਮ ਦੇ ਬੱਚੇ ਨੂੰ ਅਗਵਾ ਕਰ ਲਿਆ। ਵੀਰਵਾਰ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਹੋਈ ਇਸ ਕਿਡਨੈਪਿੰਗ ਦੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ, ਥਾਣਾ ਦੁੱਗਰੀ ਅਤੇ ਕਰਾਈਮ ਬ੍ਰਾਂਚ ਦੀਆਂ ਟੀਮਾਂ ਨੇ ਤਫਤੀਸ਼ ਸ਼ੁਰੂ ਕੀਤੀ।

ਇਕ ਮਹੀਨਾ ਪਹਿਲਾਂ ਕੰਮਕਾਜ ਸਬੰਧੀ ਉੱਤਰ ਪ੍ਰਦੇਸ਼ ਦੇ ਹਰਦੋਈ ਇਲਾਕੇ ਤੋਂ ਆਏ ਰਾਜਨ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਫੋਲਡਿੰਗ ਮੰਜੇ ਬੁਣਨ ਦਾ ਕੰਮ ਕਰਦਾ ਹੈ। ਵੀਰਵਾਰ ਸਵੇਰੇ ਨੌਂ ਵਜੇ ਦੇ ਕਰੀਬ ਉਹ ਕੰਮ ‘ਤੇ ਚਲਾ ਗਿਆ। ਸਾਢੇ ਗਿਆਰਾਂ ਵਜੇ ਉਸ ਦੀ ਪਤਨੀ ਨੇਹਾ ਦਾ ਫੋਨ ਆਇਆ ਕਿ ਉਨ੍ਹਾਂ ਦੇ ਤਿੰਨ ਮਹੀਨਿਆਂ ਦੇ ਪੁੱਤਰ ਨੂੰ ਪੰਜ ਵਿਅਕਤੀਆਂ ਨੇ ਅਗਵਾ ਕਰ ਲਿਆ ਹੈ। ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੇ ਐਸਐਚਓ ਸੁਖਦੇਵ ਰਾਜ, ਕ੍ਰਾਈਮ ਬ੍ਰਾਂਚ ਦੀਆਂ ਟੀਮਾਂ ਤੇ ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਮੌਕੇ ‘ਤੇ ਪਹੁੰਚੇ। ਜੁਆਇੰਟ ਕਮਿਸ਼ਨਰ ਨਰਿੰਦਰ ਭਾਰਗਵ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਦੀ ਕਈ ਸਾਈਡਾਂ ਤੋਂ ਜਾਂਚ ਕਰ ਰਹੀ ਹੈ। ਉਧਰੋਂ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਿਡਨੈਪਿੰਗ ਪਰਿਵਾਰਕ ਰੰਜਿਸ਼ ਦਾ ਹੀ ਨਤੀਜਾ ਹੈ।
ਸੀਸੀਟੀਵੀ ‘ਚ ਕੈਦ ਹੋਈਆਂ ਵਾਰਦਾਤਾਂ ਦੀਆਂ ਫੋਟੋਜ਼
ਜਾਣਕਾਰੀ ਦਿੰਦਿਆਂ ਰਾਜਨ ਨੇ ਦੱਸਿਆ ਕਿ ਉਹ ਇੱਕ ਮਹੀਨੇ ਪਹਿਲਾਂ ਹੀ ਹਰਦੋਈ ਤੋਂ ਲੁਧਿਆਣਾ ਆਇਆ ਹੈ। ਉਸ ਨੇ ਇਹ ਵੀ ਆਖਿਆ ਕਿ ਉਸ ਦੀ ਕਿਸੇ ਵੀ ਵਿਅਕਤੀ ਨਾਲ ਦੁਸ਼ਮਣੀ ਨਹੀਂ ਹੈ। ਲੁਧਿਆਣਾ ਪੁਲਿਸ ਵਾਰਦਾਤ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਕਰ ਰਹੀ ਹੈ। ਪੁਲਿਸ ਫੁਟੇਜ ਦੇ ਜ਼ਰੀਏ ਪਤਾ ਲਗਾ ਰਹੀ ਹੈ ਕਿ ਅਗਵਾ ਕਰਨ ਵਾਲੇ ਵਿਅਕਤੀਆਂ ‘ਚੋਂ ਰਾਜਨ ਤੇ ਉਸ ਦੀ ਪਤਨੀ ਨੇਹਾ ਦਾ ਕੋਈ ਵਾਕਫ਼ ਵਿਅਕਤੀ ਹੈ ਜਾਂ ਨਹੀਂ।
