ਤਰਨਤਾਰਨ : ਮੁਹੱਲਾ ਗੁਰੂ ਕਾ ਖੂਹ ਨਜ਼ਦੀਕ ਕਲੀਨਿਕ ਚਲਾਉਣ ਵਾਲੀ ਬੀਏਐੱਮਐੱਸ ਡਾਕਟਰ ਨੂੰ ਅਗਵਾ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਡਾਕਟਰ ਦੀ ਲਾਸ਼ ਪਿੰਡ ਦੋਦੇ ਦੇ ਇਲਾਕੇ ਵਿੱਚੋਂ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਸੀ। ਲਾਸ਼ ਕਬਜ਼ੇ ਵਿਚ ਲੈ ਕੇ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਅਣਪਛਾਤਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪਰਿਵਾਰ ਨੇ ਕਿਸੇ ਟਰੈਵਲ ਏਜੰਟ ਵੱਲੋਂ ਇਹ ਕਤਲ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਉਣ ਤੋਂ ਇਲਾਵਾ ਮ੍ਰਿਤਕਾ ਦੇ ਪਤੀ ’ਤੇ ਵੀ ਸ਼ੱਕ ਜ਼ਾਹਰ ਕੀਤਾ ਹੈ।
ਮ੍ਰਿਤਕਾ ਦੇ ਭਰਾ ਮਨਦੀਪ ਸਿੰਘ ਤੇ ਚਚੇਰੇ ਭਰਾ ਡਾ. ਜਗਜੀਵਨਜੀਤ ਸਿੰਘ ਨੇ ਦੱਸਿਆ ਕਿ ਸੁਸ਼ਮਾ ਬੀਏਐੱਮਐੱਸ ਡਾਕਟਰ ਸੀ ਤੇ ਮੁਹੱਲੇ ਵਿਚ ਕਲੀਨਿਕ ਚਲਾਉਂਦੀ ਸੀ। ਉਸ ਨੇ ਪਰਿਵਾਰ ਸਮੇਤ ਵਿਦੇਸ਼ ਜਾਣ ਲਈ ਕੁਝ ਏਜੰਟਾਂ ਨਾਲ ਰਾਬਤਾ ਕੀਤਾ ਸੀ ਤੇ 32 ਲੱਖ ਰੁਪਏ ਅਦਾ ਕੀਤੇ ਹੋਏ ਹਨ। ਲੰਘੇ ਦਿਨ ਉਨ੍ਹਾਂ ਏਜੰਟਾਂ ਨੇ ਉਸ ਨੂੰ 4 ਲੱਖ ਰੁਪਏ ਦੇਣ ਲਈ ਬੁਲਾਇਆ ਤੇ ਉਥੋਂ ਆਪਣੀ ਕਾਰ ਵਿਚ ਅਗਵਾ ਕਰ ਲਿਆ। ਡਾ. ਸੁਸ਼ਮਾ ਰਾਤ ਭਰ ਘਰ ਨਹੀਂ ਆਈ ਅਤੇ ਉਸ ਖ਼ੂਨ ਨਾਲ ਲੱਥਪੱਥ ਲਾਸ਼ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਇਸ ਕਤਲ ਬਾਰੇ ਪਤਾ ਲੱਗਾ ਹੈ।
ਦੂਜੇ ਪਾਸੇ ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਸਬ-ਇੰਸਪੈਕਟਰ ਬਲਜਿੰਦਰ ਸਿੰਘ ਔਲਖ ਨੇ ਕਿਹਾ ਕਿ ਵੀਰਵਾਰ ਨੂੰ ਪਿੰਡ ਦੋਦੇ-ਕਸੇਲ ਮਾਰਗ ਤੋਂ ਮਹਿਲਾ ਦੀ ਲਾਸ਼ ਮਿਲੀ ਸੀ। ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਉਸ ਸਮੇਂ ਲਾਸ਼ ਦੀ ਪਛਾਣ ਨਾ ਹੋਣ ਕਰਕੇ ਸੁਖਵੰਤ ਸਿੰਘ ਵਾਸੀ ਪਿੰਡ ਗੰਡੀਵਿੰਡ ਦੀ ਸ਼ਿਕਾਇਤ ’ਤੇ ਅਣਪਛਾਤਿਆਂ ਵਿਰੁੱਧ ਕਤਲ ਤੇ ਲਾਸ਼ ਖੁਰਦ ਬੁਰਦ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਔਰਤ ਦੀ ਪਛਾਣ ਲਈ ਲਾਸ਼ 72 ਘੰਟੇ ਵਾਸਤੇ ਤਰਨਤਾਰਨ ਦੇ ਡੈੱਡ ਹਾਊਸ ਵਿਚ ਰਖਵਾ ਦਿੱਤੀ ਸੀ। ਹੁਣ ਉਸ ਦੀ ਪਛਾਣ ਸੁਸ਼ਮਾ ਪਤਨੀ ਗੁਰਜੀਤ ਸਿੰਘ ਵਜੋਂ ਹੋਈ ਹੈ। ਥਾਣਾ ਮੁਖੀ ਨੇ ਕਿਹਾ ਕਿ ਪਰਿਵਾਰ ਵੱਲੋਂ ਪ੍ਰਗਟਾਏ ਗਏ ਸ਼ੱਕ ਦੇ ਅਧਾਰ ’ਤੇ ਉਸ ਦੇ ਪਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਲਾਸ਼ ਦਾ ਪੋਸਟਮਾਰਟਮ ਸ਼ਨਿੱਚਰਵਾਰ ਨੂੰ ਕਰਵਾਇਆ ਜਾਵੇਗਾ।
