ਡੇਰਾ ਬਾਬਾ ਨਾਨਕ : ਸ਼ੁੱਕਰਵਾਰ ਨੂੰ ਭਾਰਤ ਪਾਕਿ ਦੀ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂਆਂ ਦੇ ਪਾਕਿਸਤਾਨ ਟਰਮੀਨਲ ’ਤੇ ਫੀਸ ਵਜੋਂ 20 ਡਾਲਰ ਰੁਪਏ ਪੁਰਾਣੇ ਡਾਲਰ ਨਾ ਚੱਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਬਾਰੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਕੇ ਪਰਤੇ ਹਰਉਪਿੰਦਰਪਾਲ ਸਿੰਘ ਸੁੱਖਾ ਰਾਜੂ, ਬਾਬਾ ਨਰਿੰਦਰ ਸਿੰਘ ਸੁੱਖਾ ਰਾਜੂ, ਨਵਪ੍ਰੀਤ ਸਿੰਘ ਯੂਐੱਸਏ, ਸਿਮਰਜੋਤ ਸਿੰਘ ਮਾਡ਼ੇ, ਰਸ਼ਪਾਲ ਕੌਰ ਯੂਐਸਏ ਨੇ ਦੱਸਿਆ ਕਿ ਉਹ ਆਪੋ ਆਪਣੇ ਪਰਿਵਾਰਾਂ ਸਮੇਤ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਪੈਸੰਜਰ ਟਰਮੀਨਲ ਤੋਂ ਸਿਹਤ ਕਰਮਚਾਰੀਆਂ ਕੋਲੋਂ ਪਲਸ ਪੋਲੀਓ ਬੂੰਦਾਂ ਪੀ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਵੱਲੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਤੋਂ ਵਸੂਲੀ ਜਾ ਰਹੀ 20 ਅਮਰੀਕੀ ਡਾਲਰ ਫੀਸ ਜਮ੍ਹਾ ਕਰਵਾਉਣ ਲੱਗੇ ਤਾਂ ਪਾਕਿਸਤਾਨ ਟਰਮੀਨਲ ’ਤੇ ਤਾਇਨਾਤ ਅਧਿਕਾਰੀਆਂ ਨੇ ਉਨ੍ਹਾਂ ਵੱਲੋਂ ਲਿਆਂਦੇ ਗਏ 2005 ਤੋਂ ਪਹਿਲਾਂ ਵਾਲੇ ਪੁਰਾਣੇ ਅਮਰੀਕੀ ਡਾਲਰ ਫੀਸ ਵਜੋਂ ਲੈਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਜਿੱਥੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ (ਅਮਰੀਕੀ ਵੀਹ ਡਾਲਰ) ਭਾਰਤੀ ਕਰੰਸੀ 1600 ਰਪਏ ਵਸੂਲੀ ਜਾਂਦੀ ਸੀ ਉਥੇ ਉਨ੍ਹਾਂ ਨੂੰ ਮਜਬੂਰੀਵੱਸ 2300 ਰੁਪਏ ਫੀਸ ਜਮ੍ਹਾਂ ਕਰਵਾਉਣੀ ਪਈ। ਉਨ੍ਹਾਂ ਭਾਰਤ ਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ 20 ਡਾਲਰ ਫ਼ੀਸ ਖ਼ਤਮ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ 2005 ਤੋਂ ਪਹਿਲਾਂ ਵਾਲੇ ਅਮਰੀਕੀ ਡਾਲਰ ਵੀ ਲਏ ਜਾਣ। ਕਾਬਿਲੇ ਜ਼ਿਕਰ ਹੈ ਕਿ ਸ਼ੁੱਕਰਵਾਰ ਨੂੰ ਡੇਰਾ ਬਾਬਾ ਨਾਨਕ ਕੌਮਾਂਤਰੀ ਸਰਹੱਦ ਰਾਹੀਂ 216 ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ। ਇਸ ਮੌਕੇ ਹਰਜੀਤ ਸਿੰਘ ਬਿਜਲੀਵਾਲ, ਅੰਮ੍ਰਿਤਪਾਲ ਸਿੰਘ, ਸਹਿਜਦੀਪ ਸਿੰਘ, ਅਮਰਦੀਪ ਸਿੰਘ ਮਿਰਜ਼ਾਜਾਨ, ਕਰਨਬੀਰ ਸਿੰਘ ਬਿਜਲੀਵਾਲ, ਮਨਪ੍ਰੀਤ ਕੌਰ ਮਾਡ਼ੇ, ਭਜਨਜੀਤ ਕੌਰ ਮਿਰਜ਼ਾਜਾਨ, ਤਜਿੰਦਰ ਕੌਰ, ਹਰਜੀਤ ਕੌਰ, ਹਰਪ੍ਰੀਤ ਕੌਰ, ਸੁਖਪਾਲ ਕੌਰ ਸੁੱਖਾ ਰਾਜੂ, ਹਰਮੀਤ ਕੌਰ, ਰਵਨੀਤ ਕੌਰ, ਅਨੀਤਪਾਲ ਕੌਰ ਤੇ ਮਾਨਵਦੀਪ ਸਿੰਘ ਹਾਜ਼ਰ ਸਨ।
