ਜਲੰਧਰ : ਜ਼ਿਲ੍ਹੇ ਦੇ ਪਿੰਡ ਮਹਿਤਪੁਰ ‘ਚ ਸੋਮਵਾਰ ਰਾਤ ਪੈਟਰੋਲ ਛਿੜਕ ਕੇ ਸੁੱਤੇ ਹੋਏ ਆਪਣੀ ਪਤਨੀ ਤੇ ਦੋ ਬੱਚਿਆਂ ਅਤੇ ਸੱਸ ਨੂੰ ਮਾਰਨ ਵਾਲੇ ਵਿਅਕਤੀ ਨੇ ਵੀ ਖ਼ੁਦਕੁਸ਼ੀ ਕਰ ਲਈ ਹੈ। ਪੁਲਿਸ ਲਗਾਤਾਰ ਉਸ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਉਸਨੂੰ ਫੜਦੀ, ਉਸ ਦੀ ਖ਼ੁਦਕੁਸ਼ੀ ਦੀ ਖ਼ਬਰ ਮਿਲ ਗਈ। ਪਤਾ ਲੱਗਾ ਹੈ ਕਿ ਮੁਲਜ਼ਮ ਕਾਲੂ ਨੇ ਆਪਣੇ ਪਿੰਡ ‘ਚ ਰਾਤ ਨੂੰ ਇਕ ਦਰੱਖ਼ਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਦੋਂ ਪੁਲਿਸ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਸਵੇਰੇ ਉਸ ਦੀ ਲਾਸ਼ ਲਟਕਦੀ ਮਿਲੀ।
ਪੈਟਰੋਲ ਪਾਉਣ ਲਈ ਲਿਆਇਆ ਸੀ ਸਪਰੇਅ ਵਾਲੀ ਕੈਨੀ
ਦੱਸ ਦੇਈਏ ਕਿ ਕਾਲੂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਹੁਰੇ ਘਰ ਜਾ ਕੇ 5 ਲੋਕਾਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਪਰਿਵਾਰ ਨੂੰ ਸਾੜਨ ਆਇਆ ਕਾਲੂ ਨਸ਼ੇ ‘ਚ ਧੁੱਤ ਸੀ। ਭੱਜਦੇ ਸਮੇਂ ਉਹ ਪੈਟਰੋਲ ਵਾਲਾ ਕੈਨ ਉੱਥੇ ਛੱਡ ਗਿਆ ਸੀ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ ਜਿਸ ਕੈਨ ‘ਚ ਪੈਟਰੋਲ ਪਾ ਕੇ ਉਹ ਲਿਆਇਆ ਸੀ, ਉਸ ਖੇਤਾਂ ‘ਚ ਦਵਾਈ ਛਿੜਕਣ ਦੇ ਕੰਮ ਲਿਆਂਦੀ ਜਾਂਦੀ ਹੈ।
ਬੱਚਿਆਂ ਨੂੰ ਅਪਣਾ ਨਹੀਂ ਰਿਹਾ ਸੀ ਕਾਲੂ
ਐਸਐਸਪੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਸੁਰਜਨ ਸਿੰਘ ਦਿਹਾੜੀਦਾਰ ਸੀ। ਉਨ੍ਹਾਂ ਅੱਠ ਸਾਲ ਪਹਿਲਾਂ ਆਪਣੀ ਲੜਕੀ ਪਰਮਜੀਤ ਕੌਰ ਦਾ ਵਿਆਹ ਕੀਤਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਗਈ। ਇੱਕ ਸਾਲ ਪਹਿਲਾਂ ਸੁਰਜਨ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਪਿੰਡ ਖੁਰਾਸੈਦਪੁਰ ਦੇ ਕਾਲੂ ਨਾਲ ਕਰ ਦਿੱਤਾ। ਵਿਆਹ ਦੇ ਕੁਝ ਸਮੇਂ ਬਾਅਦ ਹੀ ਕਾਲੂ ਨੇ ਆਪਣੀ ਪਤਨੀ ਤੇ ਬੱਚਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਾਲੂ ਬੱਚਿਆਂ ਨੂੰ ਅਪਣਾ ਨਹੀਂ ਰਿਹਾ ਸੀ।
