ਜਲੰਧਰ : ਅੰਮ੍ਰਿਤਸਰ ਬਾਈਪਾਸ ਜਲੰਧਰ ਵਿਖੇ ਸਥਿਤ NIT ਕਾਲਜ ‘ਚ ਬੀ.ਟੈੱਕ ਫਾਈਨਲ ਸਾਲ ਦੇ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸ ਦੀ ਪਛਾਣ ਪੰਕਜ ਕੇਸਰੀ ਪੁੱਤਰ ਦੁਰਗਾ ਕੇਸਰੀ ਵਾਸੀ ਜਾਦੂ ਮੰਡੀ, ਸੀਤੋਪੁਰ, ਵਾਰਾਣਸੀ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਉਸ ਕੋਲੋਂ ਇੱਕ ਡਾਇਰੀ ਮਿਲੀ, ਜਿਸ ਵਿੱਚ ਲਿਖਿਆ ਸੀ, ‘ਮੈਂ ਆਪਣੀ ਮਜਬੂਰੀ ਕਾਰਨ ਖੁਦਕੁਸ਼ੀ ਕਰ ਰਿਹਾ ਹਾਂ, ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ।’
ਡਾਇਰੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈ ਹੈ ਪਰ ਕਾਲਜ ਪ੍ਰਬੰਧਕਾਂ ਵੱਲੋਂ ਬਾਕੀ ਸਾਮਾਨ ਸਮੇਤ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਕਮਰਾ ਖੋਲ੍ਹਿਆ ਜਾਵੇਗਾ। ਉਸ ਤੋਂ ਬਾਅਦ ਪੁਲਿਸ ਕਾਰਵਾਈ ਕਰੇਗੀ।
ਥਾਣਾ ਮਕਸੂਦਾਂ ਦੇ ਐਸਆਈ ਕੁਲਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਐੱਨਆਈਟੀ ਵਿੱਚ ਟੈਕਸਟਾਈਲ ਇੰਜੀਨੀਅਰਿੰਗ ਦੇ ਵਿਦਿਆਰਥੀ ਪੰਕਜ ਕੇਸਰੀ ਨੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਡੀਐਸਪੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਡਾਇਰੀ ਵਿੱਚ ਲਿਖਿਆ ਹੈ ਕਿ ਉਹ ਕਿਸੇ ਮਜਬੂਰੀ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਉਹ ਕੀ ਮਜਬੂਰੀ ਹੈ, ਇਹ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।
ਪੰਕਜ ਪੜ੍ਹਾਈ ਵਿੱਚ ਅੱਵਲ, ਹੱਸਮੁੱਖ ਤੇ ਨੇਕ ਸੁਭਾਅ ਦਾ ਸੀ
ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਪੰਕਜ ਪੜ੍ਹਾਈ ਵਿੱਚ ਸਭ ਤੋਂ ਵਧੀਆ ਸੀ, ਹੱਸਮੁੱਖ ਸੀ ਅਤੇ ਪੂਰੀ ਜਮਾਤ ਨੂੰ ਹਸਾਉਂਦਾ ਸੀ। ਸੁਭਾਅ ਵੀ ਚੰਗਾ ਸੀ। ਮਾਲੀ ਹਾਲਤ ਵੀ ਚੰਗੀ ਸੀ। ਇਸ ਤੋਂ ਇਲਾਵਾ ਉਹ ਯੋਗਾ ਕਲਾਸ ਦਾ ਆਗੂ ਸੀ, ਆਪਣੀ ਕਲਾਸ ਦੀ ਅਗਵਾਈ ਵੀ ਕਰਦਾ ਸੀ। ਉਸ ਦੀ ਖੁਦਕੁਸ਼ੀ ਦਾ ਕਾਰਨ ਕਿਸੇ ਨੂੰ ਸਮਝ ਨਹੀਂ ਆਇਆ। ਪ੍ਰਬੰਧਕਾਂ ਨੇ ਕਿਹਾ ਕਿ ਉਹ ਖੇਡਾਂ ਵਿੱਚ ਚੰਗਾ ਸੀ ਅਤੇ ਉਸ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ।
