ਜਲੰਧਰ : ਥਾਣਾ ਮਕਸੂਦਾਂ ਅਧੀਨ ਆਉਂਦੇ ਹਰਿਗੋਬਿੰਦ ਨਗਰ ਚ ਪਤੀ ਨੇ ਆਪਣੀ ਪਤਨੀ ਦੀ ਹੱਤਿਆ ਕਰਨ ਉਪਰੰਤ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਹਰਿੰਦਰਾ ਯਾਦਵ ਕਸਾਰਾ (28)ਪੁੱਤਰ ਰਾਜ ਕਿਸ਼ੋਰ ਯਾਦਵ ਵਾਸੀ ਇੰਦਰਾ ਮੌਨਾਥ ਭੰਜਨ ਮੌ, ਉੱਤਰ ਪ੍ਰਦੇਸ਼ ਹਾਲ ਵਾਸੀ ਗਲੀ ਨੰਬਰ 2, ਧੋਗੜੀ ਰੋਡ,ਹਰਿਗੋਬਿੰਦ ਨਗਰ , ਜਲੰਧਰ, ਅਤੇ ਉਸ ਦੀ ਪਤਨੀ ਦੀ ਪਛਾਣ ਪੂਜਾ( 24,) ਵਜੋਂ ਹੋਈ ਹੈ।
ਮੌਕੇ ‘ਤੇ ਐੱਸਪੀ(ਡੀ) ਸਰਬਜੀਤ ਸਿੰਘ ਬਾਹੀਆ, ਥਾਣਾ ਮਕਸੂਦਾਂ ਦੇ ਮੁਖੀ ਮਨਜੀਤ ਸਿੰਘ, ਥਾਣੇਦਾਰ ਕੇਵਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਪੁੱਜ ਕੇ ਜਾਂਚ ਕੀਤੀ। ਮੌਕੇ ‘ਤੇ ਪੁੱਜੇ ਮ੍ਰਿਤਕ ਵਿਅਕਤੀ ਦੇ ਸਹੁਰੇ,ਸੱਸ ਅਤੇ ਮਾਸੀ ਨੇ ਦੱਸਿਆ ਕਿ 6 ਸਾਲ ਪਹਿਲਾਂ ਦੋਹਾਂ ਨੇ ਪ੍ਰੇਮ ਵਿਆਹ ਕਰਵਾਇਆ ਸੀ। ਇਨ੍ਹਾਂ ਦੀ ਅਜੇ ਤੱਕ ਕੋਈ ਵੀ ਸੰਤਾਨ ਨਹੀਂ ਸੀ। ਉਸਦੀ ਮਾਸੀ ਨੇ ਦੱਸਿਆ ਕਿ ਰਾਤ ਉਹ ਦੋਹਾਂ ਨਾਲ ਆਪਣੇ ਵੱਲੋਂ ਲਏ ਗਏ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਸਲਾਹ-ਮਸ਼ਵਰਾ ਕਰਕੇ ਗਈ ਸੀ ਤਾਂ ਤੱਦ ਤੱਕ ਦੋਵੇਂ ਖੁਸ਼ ਸਨ ਪਰ ਫੇਰ ਸਵੇਰ ਵਕਤ ਜਦ ਉਨ੍ਹਾਂ ਦਾ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਨ੍ਹਾਂ ਸੋਚਿਆ ਕਿ ਦੋਵਾਂ ਨੂੰ ਦੇਰ ਤੱਕ ਸੌਣ ਦੀ ਆਦਤ ਹੈ। ਤੇ ਜਦ ਦੁਪਹਿਰ ਤੱਕ ਵੀ ਦਰਵਾਜ਼ਾ ਖੜਕਾਉਣ ਤੇ ਕਿਸੇ ਵੱਲੋਂ ਦਰਵਾਜ਼ਾ ਨਹੀਂ ਖੋਲ੍ਹਿਆ ਗਿਆ ਤਾਂ ਉਨ੍ਹਾਂ ਵੱਲੋਂ ਰੋਸ਼ਨਦਾਨ ਤੋੜ ਕੇ ਅੰਦਰ ਦੇਖਿਆ ਤਾਂ ਪੂਜਾ ਦੀ ਲਾਸ਼ ਮੰਜੇ ਤੇ ਪਈ ਸੀ। ਜਦ ਕਿ ਹਰਿੰਦਰਾ ਯਾਦਵ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਿਸ ਉਪਰੰਤ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ।
ਮੌਕੇ ‘ਤੇ ਪੁੱਜੇ ਐੱਸਪੀ (ਡੀ) ਸਰਬਜੀਤ ਸਿੰਘ ਬਾਹੀਆ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਰਿੰਦਰਾ ਯਾਦਵ ਵੱਲੋਂ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਤੇ ਬਾਅਦ ਵਿਚ ਆਤਮ ਹੱਤਿਆ ਕਰ ਲਈ। ਥਾਣੇਦਾਰ ਕੇਵਲ ਸਿੰਘ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਫਿਲਹਾਲ ਧਾਰਾ 174 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮੌਕੇ ਤੋਂ ਕੋਈ ਵੀ ਆਤਮ-ਹੱਤਿਆ ਨੋਟ ਬਰਾਮਦ ਨਹੀਂ ਹੋਇਆ। ਆਸ ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਲੜਾਈ ਝਗੜੇ ਦੀ ਕੋਈ ਅਵਾਜ਼ ਉਨ੍ਹਾਂ ਨੂੰ ਸੁਣਾਈ ਨਹੀਂ ਦਿਤੀ ਤੇ ਇਨ੍ਹਾਂ ਦਾ ਪਹਿਲਾਂ ਵੀ ਕੋਈ ਝਗੜਾ ਨਹੀਂ ਹੁੰਦਾ ਸੀ।
