ਲੁਧਿਆਣਾ : ਤਨਖਾਹ ਦੇਣ ਲਈ ਬੁਲਾਏ ਗਏ 18 ਵਰ੍ਹਿਆਂ ਦੇ ਵੇਟਰ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦਾ ਗਲ਼ਾ ਵੱਢ ਦਿੱਤਾ ਗਿਆ। ਗੰਭੀਰ ਰੂਪ ’ਚ ਫੱਟਡ਼ ਹੋਏ ਵੇਟਰ ਵਿੱਕੀ ਨੇ ਮੌਕੇ ’ਤੇ ਹੀ ਦਮ ਤੋਡ਼ ਦਿੱਤਾ। ਕਤਲ ਕਰਨ ਤੋਂ ਬਾਅਦ ਸਾਰੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਇਸ ਮਾਮਲੇ ’ਚ ਥਾਣਾ ਪੀਏਯੂ ਦੀ ਪੁਲਿਸ ਨੇ ਵਿੱਕੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਵਿੱਕੀ ਦੇ ਪਿਤਾ ਬਾਲਮ ਨੇ ਦੱਸਿਆ ਕਿ ਵਿੱਕੀ ਅੰਮ੍ਰਿਤ ਕਾਲੋਨੀ ਦੇ ਠੇਕੇਦਾਰ ਬਲਵਿੰਦਰ ਸਿੰਘ ਉਰਫ਼ ਬੱਲੂ ਕੋਲ ਵੇਟਰ ਦਾ ਕੰਮ ਕਰਦਾ ਸੀ। ਵਿੱਕੀ ਬੱਲੂ ਦੇ ਕਹਿਣ ’ਤੇ ਕਈ ਵਾਰ ਵਿਆਹ ਸ਼ਾਦੀਆਂ ਵਿਚ ਵੇਟਰ ਦਾ ਕੰਮ ਕਰਨ ਗਿਆ। ਵਿੱਕੀ ਨੇ ਬੱਲੂ ਕੋਲੋਂ 5500 ਰੁਪਏ ਲੈਣੇ ਸਨ। ਕਈ ਵਾਰ ਪੈਸੇ ਮੰਗਣ ਦੇ ਬਾਵਜੂਦ ਬੱਲੂ ਉਸਨੂੰ ਬਕਾਇਆ ਰਕਮ ਨਹੀਂ ਸੀ ਦੇ ਰਿਹਾ। ਬਾਲਮ ਨੇ ਦੱਸਿਆ ਕਿ ਦੇਰ ਰਾਤ ਬੱਲੂ ਨੇ ਪੈਸੇ ਦੇਣ ਲਈ ਵਿੱਕੀ ਨੂੰ ਡੇਅਰੀ ਕੰਪਲੈਕਸ ਚੰਦ ਕਾਲੋਨੀ ’ਚ ਬੁਲਾਇਆ। ਮਜ਼ਦੂਰੀ ਦੀ ਰਕਮ ਹਾਸਲ ਕਰਨ ਲਈ ਵਿੱਕੀ ਆਪਣੇ ਭਰਾ ਨਾਲ ਡੇਅਰੀ ਕੰਪਲੈਕਸ ਚਲਾ ਗਿਆ, ਜਿੱਥੇ ਠੇਕੇਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿੱਕੀ ਦਾ ਵੱਡਾ ਭਰਾ ਵਿਜੈ ਉਸਦੇ ਬਚਾਅ ਲਈ ਅੱਗੇ ਆਇਆ, ਪਰ ਹਮਲਾਵਰਾਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਹੈ।
