ਬਟਾਲਾ : ਬਟਾਲਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਏ ਦੇ ਇੱਕ ਗੁਰਗੇ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਡਿਟੈਕਟਿਵ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਬਟਾਲਾ ਅਸ਼ਵਿਨੀ ਗੋਤਿਆਲ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਡੀਐਸਪੀ-ਡੀ ਬਟਾਲਾ, ਡੀਐੱਸਪੀ ਫਤਿਹਗੜ੍ਹ ਚੂੜੀਆਂ, ਇੰਚਾਰਜ ਸੀਆਈਏ ਸਟਾਫ ਬਟਾਲਾ, ਮੁੱਖ ਅਫਸਰ ਥਾਣਾ ਫਤਿਹਗੜ ਚੂੜੀਆਂ ਸੁਖਵਿੰਦਰ ਸਿੰਘ ਅਤੇ ਮੁੱਖ ਅਫਸਰ ਥਾਣਾ ਕੋਟਲੀ ਸੂਰਤ ਮੱਲੀ ਮਨਜੀਤ ਸਿੰਘ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਚਲਾਏ ਗਏ ਆਪ੍ਰੇਸ਼ਨ ਨੂੰ ਉਸ ਸਮੇਂ ਭਾਰੀ ਕਾਮਯਾਬੀ ਮਿਲੀ, ਜਦੋਂ ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਲੇਟ ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਾਜਾਇਜ਼ ਅਸਲਾ ਅਤੇ ਇਕ ਕਾਰ ਸਵਿੱਫਟ ਸਮੇਤ ਕਾਬੂ ਕੀਤਾ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਪਿਆਰਾ ਸ਼ੂਟਰ ਦੇ ਖ਼ਿਲਾਫ਼ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਕਤਲ ਹੋਏ ਗੈਗਸਟਰ ਮਨਦੀਪ ਸਿੰਘ ਉਰਫ ਲੰਡਾ ਉਰਫ ਤੂਫਾਨ ਦਾ ਪਿਆਰਾ ਸ਼ੂਟਰ ਨੇੜਲਾ ਸਾਥੀ ਰਿਹਾ ਹੈ। ਇਨ੍ਹਾਂਂ ਪਾਸੋਂ ਬਰਾਮਦ ਅਸਲਾ ਵੀ ਇਹਨਾਂ ਨੂੰ ਮਨਦੀਪ ਤੂਫਾਨ ਰਾਹੀਂ ਮਿਲਿਆ ਸੀ । ਇਸ ਗੈਂਗ ਵੱਲੋਂ ਪਿਛਲੇ ਦਿਨੀਂ ਲਗਾਤਾਰ ਥਾਣਾ ਫਤਿਹਗੜ੍ਹ ਚੂੜੀਆਂ ਅਤੇ ਕੋਟਲੀ ਸੂਰਤ ਮੱਲੀ ਦੇ ਇਲਾਕੇ ਵਿੱਚ ਅਸਲਾ ਅਤੇ ਦਾਤਰਾਂ ਨਾਲ ਇਰਾਦਾ ਕਤਲ ਦੀਆ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਸੀ।
ਉਹਨਾਂ ਦੱਸਿਆ ਕਿ ਫੜੇ ਗਏ ਦੂਜੇ ਮੁਲਜ਼ਮਾਂ ਦੀ ਪਛਾਣ ਲਵ ਮਸੀਹ ਪੁੱਤਰ ਰਿੰਪੀ ਮਸੀਹ ਵਾਸੀ ਮਾਨੇਪੁਰ ,ਸਾਜਨ ਮਸੀਹ ਪੁੱਤਰ ਲਾਡਾ ਮਸੀਹ ਵਾਸੀ ਡਾਲੇ ਚੱਕ, ਗੁਰਮੀਤ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਹੁਸ਼ਿਆਰ ਨਗਰ ਅੰਮ੍ਰਿਤਸਰ ਵਜੋਂ ਹੋਈ ਹੈ। ਉਹਨਾਂ ਕਿਹਾ ਕਿ ਫੜੇ ਗਏ ਮੁਲਜ਼ਮਾਂ ਪਾਸੋਂ ਇਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 5 ਰੌਂਦ, ਇੱਕ ਦੇਸੀ ਕੱਟਾ 12 ਬੋਰ ਸਮੇਤ 5 ਰੌਂਦ, ਦੋ ਦਾਤਰ,ਚੋਰੀ ਦੇ ਮੋਬਾਈਲ ਫੋਨ ਅਤੇ ਇੱਕ ਕਾਰ ਸਵਿਫਟ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਉਨ੍ਹਾਂ ਤੋਂ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ।
