ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ
ਪਟਿਆਲਾ: ‘ਸਮਾਨ ਰੋੜੀ ਕੁੱਟ ਮੁਹੱਲੇ ’ਚੋਂ ਲੈ ਕੇ ਆਏ ਹਾਂ, ਉਥੇ ਮੋਟਰਸਾਈਕਲ ਵਾਲੇ ਵੇਚ ਰਹੇ ਸੀ, ਇੱਕ ਮਹੰਤ ਵੀ ਸੀ, ਆਏ ਤੇ ਸਮਾਨ ਦੇ ਕੇ ਚਲੇ ਗਏ।’ ਇਹ ਖੁਲਾਸਾ ਸ਼ਾਹੀ ਸ਼ਹਿਰ ਦੇ ਸ਼ੀਸ਼ ਮਹਿਲ ਦੇ ਪਿੱਛੇ ਸੂਲਰ ਕੋਲ ਲੋਕਾਂ ਵੱਲੋਂ ਨਸ਼ੇ ਖ਼ਿਲਾਫ਼ ਲਗਾਏ ਨਾਕੇ ’ਤੇ ਫੜੇ ਨੌਜਵਾਨਾਂ ਤੋਂ ਪੁੱਛਗਿੱਛ ਦੌਰਾਨ ਹੋਇਆ ਹੈ।
ਦੱਸਣਾ ਬਣਦਾ ਹੈ ਕਿ ਪੰਜਾਬੀ ਜਾਗਰਣ ਵਲੋ ਸ਼ਹਿਰ ਨੇੜਲੇ ਕੁਝ ਪਿੰਡਾਂ ’ਚ ਚਿੱਟੇ ਦੇ ਚਿੱਟੇ ਦਿਨ ਚੱਲ ਰਹੇ ਵਪਾਰ ਬਾਰੇ ਖੁਲਾਸੇ ਕੀਤੇ ਗਏ ਹਨ। ਜਿਸ ਤੋਂ ਬਾਅਦ ਨਸ਼ਿਆਂ ਖਿਲਾਫ ਚੱਲੀ ਮੁਹਿੰਮ ਤਹਿਤ ਪਿੰਡਾਂ ਵਾਸੀਆਂ ਵੱਲੋਂ ਨਾਕੇ ਅਤੇ ਠੀਕਰੀ ਪਹਿਰੇ ਲਾਉਣੇ ਸ਼ੁਰੂ ਕੀਤੇ ਗਏ ਹਨ।
ਪਿੰਡ ਸੂਲਰ ਦੇ ਸਰਪੰਚ ਰਜਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਕਾਕਾ ਸਿੰਘ ਸਨੌਰੀ ਅੱਡੇ ਕੋਲ ਜਾ ਰਿਹਾ ਸੀ। ਇਸੇ ਦੌਰਾਨ ਨਦੀ ਵਿੱਚ ਦੋ ਲੜਕੇ ਸਮਾਨ ਲੈ ਕੇ ਬੈਠੇ ਸੀ ਤੇ ਉਨ੍ਹਾਂ ਦਾ ਮੋਟਰਸਾਈਕਲ ਸੜਕ ’ਤੇ ਖੜਾ ਸੀ। ਕਾਕੇ ਨੇ ਰੁਕ ਕੇ ਦੇਖਿਆ ਤਾਂ ਲੜਕੇ ਸਿਰ ’ਤੇ ਪਰਨਾ ਲੈ ਕੇ ਚਿੱਟਾ ਲਾ ਰਹੇ ਸਨ। ਰਜਿੰਦਰ ਸਿੰਘ ਨੇ ਦੱਸਿਆ ਕਿ ਕਾਕੇ ਨੇ ਲੜਕਿਆਂ ਦੇ ਮੋਟਰਸਾਈਕਲ ਦਾ ਪਲੱਗ ਕੱਢ ਕੇ ਉਨ੍ਹਾਂ ਨੂੰ ਸੂਚਨਾ ਦਿੱਤੀ। ਸਰਪੰਚ ਨੇ ਦੱਸਿਆ ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਕੇ ਲੜਕਿਆਂ ਨੂੰ ਫੜਿਆ ਤਾਂ ਉਨ੍ਹਾਂ ਨੇ ਹੱਥ ’ਚ ਫੜਿਆ ਸਮਾਨ ਹੇਠਾਂ ਸੁੱਟ ਦਿੱਤਾ ਅਤੇ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਹ ਕਦੇ ਕਦਾਈਂ ਲਾਉਂਦੇ ਹਨ ਤੇ ਅੱਜ ਸਮਾਨ ਰੋੜੀ ਕੁੱਟ ਮੁਹੱਲੇ ਤੋਂ ਲੈ ਕੇ ਆਏ ਸੀ।
ਨਸ਼ਿਆਂ ਕਾਰਨ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ
ਰਜਿੰਦਰ ਸਿੰਘ ਬੱਬੀ ਦੱਸਦੇ ਹਨ ਕਿ ਸੂਲਰ ’ਚ ਪਿਛਲੇ ਸਾਲ ਇੱਕ ਪੁਲਿਸ ਮੁਲਾਜ਼ਮ ਦਾ ਇਕਲੌਤਾ ਨੌਜਵਾਨ ਮੁੰਡਾ ਨਸ਼ੇ ਦੀ ਭੇਟ ਚੜ ਗਿਆ ਸੀ। ਇਸ ਇਲਾਕੇ ’ਚ ਨਸ਼ੇੜੀਆਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਆਏ ਦਿਨ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 15 ਦਿਨਾਂ ’ਚ 8 ਵਾਹਨ ਚੋਰੀ ਹੋ ਚੁੱਕੇ ਹਨ। ਰਜਿੰਦਰ ਸਿੰਘ ਅਨੁਸਾਰ ਨਸ਼ੇ ਦੇ ਆਦੀਆਂ ਵੱਲੋ ਵਾਹਨ ਚੋਰੀ ਕਰਕੇ ਨਸ਼ੇ ਦਾ ਵਪਾਰ ਕਰਨ ਵਾਲਿਆਂ ਨੂੰ ਦੇ ਦਿੱਤੇ ਜਾਂਦੇ ਹਨ। ਕਈ ਵਾਹਨ ਤਾਂ ਸ਼ੇਰਮਾਜਰਾ ਤੇ ਲੰਗੜੋਈ ਤੋਂ ਬਰਾਮਦ ਵੀ ਹੋ ਚੁੱਕੇ ਹਨ। ਇਸ ਲਈ ਕਰੀਬ ਇੱਕ ਮਹੀਨੇ ਤੋਂ ਨਸ਼ੇ ਖ਼ਲਿਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਹੁਣ ਚਿੜੀਆ ਘਰ ਵਾਲੀ ਸੜਕ ’ਤੇ ਲੱਗਣ ਲੱਗੀਆਂ ਰੌਣਕਾਂ
ਪਿੰਡ ਸ਼ੇਰਮਾਜਰਾ ਤੇ ਲੰਗੜੋਈ ਆਦਿ ਪਿੰਡਾਂ ’ਚ ਹੋਈ ਸਖ਼ਤੀ ਤੋਂ ਬਾਅਦ ਹੁਣ ਨਸ਼ੇ ਦੇ ਵਪਾਰੀਆਂ ਅਤੇ ਨਸ਼ੇ ਦੇ ਆਦੀਆਂ ਨੇ ਰਾਹ ਅਤੇ ਅੱਡੇ ਵੀ ਬਦਲ ਲਏ ਹਨ। ਜਿਹੜੀਆਂ ਰੌਣਕਾਂ ਪਹਿਲਾਂ ਮੈਣ ਸੜਕ ’ਤੇ ਲੱਗਦੀਆਂ ਸਨ, ਉਹ ਹੁਣ ਡਕਾਲਾ ਰੋਡ ’ਤੇ ਸਥਿਤ ਚਿੜੀਆ ਘਰ (ਪਟਿਆਲਾ ਜੂ) ਵਾਲੀ ਸੜਕ ’ਤੇ ਲੱਗਣ ਲੱਗੀਆਂ ਹਨ। ਇਸਦਾ ਕਾਰਨ ਇਸ ਸੜਕ ਦਾ ਸੁੰਨਾ ਹੋਣਾ ਤੇ ਬੀੜ ਹੋਣ ਕਾਰਨ ਨਸ਼ਾ ਵੇਚਣ ਵਾਲੇ ਤੇ ਨਸ਼ਾ ਕਰਨ ਵਾਲਿਆਂ ਨੂੰ ਠਹਿਰ ਵੀ ਸੌਖੀ ਮਿਲ ਰਹੀ ਹੈ।
