ਬਠਿੰਡਾ : ਪਿੰਡ ਲਹਿਰਾ ਬੇਗਾ ਵਿਖੇ ਇਕ ਔਰਤ ਨੇ ਆਪਣੀ ਨੂੰਹ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਨਥਾਣਾ ਵਿਖੇ ਦਰਜ ਕਰਵਾਏ ਬਿਆਨ ’ਚ ਅਮਰੀਕ ਸਿੰਘ ਵਾਸੀ ਪਿੰਡ ਹੱਸੂ ਜ਼ਿਲ੍ਹਾ ਸਿਰਸਾ ਹਰਿਆਣਾ ਨੇ ਦੱਸਿਆ ਹੈ ਕਿ ਉਸ ਦੀ ਭੈਣ ਬਲਜੀਤ ਕੌਰ ਵਾਸੀ ਪਿੰਡ ਲਹਿਰਾ ਬੇਗਾ ਨੂੰ ਉਸਦੀ ਨੂੰਹ ਗੁਰਪ੍ਰੀਤ ਕੌਰ ਤੰਗ ਪਰੇਸ਼ਾਨ ਕਰਦੀ ਰਹਿੰਦੀ ਸੀ ਤੇ ਕੁੱਟਮਾਰ ਵੀ ਕਰਦੀ ਸੀ, ਜਿਸ ਕਾਰਨ ਉਸ ਦੀ ਭੈਣ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੀ ਸੀ। ਪੀੜਤ ਨੇ ਦੱਸਿਆ ਹੈ ਕਿ ਲੰਘੀ ਸੱਤ ਸਤੰਬਰ ਨੂੰ ਬਲਜੀਤ ਕੌਰ ਨੇ ਗੁਰਪ੍ਰੀਤ ਕੌਰ ਦੀ ਕੁੱਟਮਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਨਿਗਲ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਅਮਰੀਕ ਸਿੰਘ ਦੀ ਸ਼ਿਕਾਇਤ ’ਤੇ ਮੁਲਜ਼ਮ ਔਰਤ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
