ਕਪੂਰਥਲਾ : ਕਪੂਰਥਲਾ ਦੇ ਪਿੰਡ ਸ਼ੇਖੂਪੁਰ ਵਿੱਚ ਅਣਪਛਾਤੇ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ ਦਾ ਏ ਟੀ ਐਮ ਲੁੱਟਣ ਦੀ ਕੋਸ਼ਿਸ਼ ਕੀਤੀ ਹੈ। ਵਾਰਦਾਤ ਨੂੰ ਅੰਜਾਮ ਦੇਣ ਆਏ ਲੁਟੇਰਿਆਂ ਨੇ ਏ.ਟੀ.ਐਮ ਕੈਬਿਨ ‘ਚ ਦਾਖਲ ਹੁੰਦੇ ਹੀ ਸੀਸੀਟੀਵੀ ਕੈਮਰੇ ‘ਤੇ ਸਪਰੇਅ ਛਿੜਕ ਦਿੱਤੀ ਅਤੇ ਏ.ਟੀ.ਐਮ ਮਸ਼ੀਨ ਨੂੰ ਕੱਟਣਾ ਸ਼ੁਰੂ ਕਰ ਦਿੱਤਾ, ਪਰ ਮਸ਼ੀਨ ਪੂਰੀ ਤਰ੍ਹਾਂ ਕੱਟ ਨਹੀਂ ਸਕੇ, ਜਿਸ ਕਾਰਨ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਬੈਂਕ ਮੈਨੇਜਰ ਦੀ ਸ਼ਿਕਾਇਤ ‘ਤੇ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਬੈਂਕ ਮੈਨੇਜਰ ਬਲੀਰਾਮ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 9 ਅਗਸਤ ਨੂੰ ਉਸ ਨੂੰ ਜ਼ੋਨਲ ਦਫ਼ਤਰ ਦੇ ਅਧਿਕਾਰੀ ਰਾਹੁਲ ਦਾ ਫ਼ੋਨ ਆਇਆ ਸੀ, ਜਿਸ ਨੇ ਦੱਸਿਆ ਕਿ ਤੁਹਾਡਾ ਏ.ਟੀ.ਐਮ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਨੇ ਮੌਕੇ ‘ਤੇ ਪਹੁੰਚ ਕੇ ਦੇਖਿਆ ਤਾਂ ਏ.ਟੀ.ਐਮ ਮਸ਼ੀਨ ਖੁੱਲ੍ਹੀ ਹੋਈ ਸੀ, ਪਰ ਇਸ ਨੂੰ ਪੂਰੀ ਤਰ੍ਹਾਂ ਕੱਟਣ ਤੋਂ ਬਾਅਦ ਕੋਈ ਨੁਕਸਾਨ ਨਹੀਂ ਹੋਇਆ ਹੈ। ਥਾਣਾ ਸਿਟੀ ਪੁਲਿਸ ਨੇ ਬੈਂਕ ਮੈਨੇਜਰ ਬਲੀਰਾਮ ਦੀ ਸ਼ਿਕਾਇਤ ’ਤੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਤਫ਼ਤੀਸ਼ੀ ਅਫ਼ਸਰ ਏਐਸਆਈ ਈਸ਼ਰੂ ਪ੍ਰਸ਼ਾਦ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਲੁਟੇਰਿਆਂ ਨੇ ਏਟੀਐਮ ਕੈਬਿਨ ਵਿੱਚ ਦਾਖ਼ਲ ਹੁੰਦੇ ਹੀ ਸੀਸੀਟੀਵੀ ਕੈਮਰਿਆਂ ’ਤੇ ਸਪਰੇਅ ਕਰ ਦਿੱਤੀ। ਏਐਸਆਈ ਈਸ਼ਰੂ ਪ੍ਰਸ਼ਾਦ ਨੇ ਇਹ ਵੀ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
