ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ : ਕੰਵਲਜੀਤ ਸਿੰਘ ਮੱਕੜ – ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਹੋਏ ਹਮਲੇ ਨਾਲ ਜੁੜੇ ਮਾਮਲੇ ਵਿੱਚ ਰਾਸ਼ਟਰੀ ਸੁਰੱਖਿਆ ਕਾਨੂੰਨ (ਐਨਐੱਸਏ) ਤਹਿਤ ਗੋਇੰਦਵਾਲ ਜੇਲ੍ਹ ਵਿੱਚ ਬੰਦ ਗੁਰਿੰਦਰਪਾਲ ਸਿੰਘ ਔਜਲਾ ਨੂੰ ਮੰਗਲਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜਲੰਧਰ ਲਿਆਂਦਾ ਗਿਆ। ਸਦਰ ਥਾਣਾ ਪੁਲਿਸ ਨੇ ਉਸ ਨੂੰ ਸਾਲ 2023 ਵਿੱਚ ਦਰਜ ਐਫਆਈਆਰ ਨੰਬਰ 25 ਦੇ ਮਾਮਲੇ ਵਿੱਚ ਮਾਣਯੋਗ ਜੱਜ ਅਰਜੁਨ ਸੰਧੂ ਦੀ ਅਦਾਲਤ ਵਿੱਚ ਪੇਸ਼ ਕੀਤਾ।
ਜਾਣਕਾਰੀ ਅਨੁਸਾਰ, ਪਹਿਲਾਂ ਦਰਜ ਕੀਤੇ ਗਏ ਕੇਸ ਵਿੱਚ ਪੁਲਿਸ ਵੱਲੋਂ ਬਾਅਦ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਸੇ ਸਬੰਧੀ ਪੁਲਿਸ ਗੁਰਿੰਦਰਪਾਲ ਸਿੰਘ ਔਜਲਾ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਕੇ ਜਲੰਧਰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਈ ਸੀ।
ਗੁਰਿੰਦਰਪਾਲ ਸਿੰਘ ਦੇ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਉਨ੍ਹਾਂ ਦਾ ਮੁਅੱਕਲ ਇਸ ਵੇਲੇ ਐਨਐੱਸਏ ਤਹਿਤ ਜੇਲ੍ਹ ਵਿੱਚ ਬੰਦ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਗੁਰਿੰਦਰਪਾਲ ਸਿੰਘ ਖ਼ਿਲਾਫ਼ ਪਹਿਲਾਂ ਸਿਰਫ਼ ਧਾਰਾ 188 ਤਹਿਤ ਕੇਸ ਦਰਜ ਸੀ, ਜਿਸ ਵਿੱਚ ਉਹ ਜ਼ਮਾਨਤ ‘ਤੇ ਸੀ। ਵਕੀਲ ਮੁਤਾਬਕ, ਜਦੋਂ ਉਹ ਇੰਗਲੈਂਡ ਜਾਣ ਲਈ ਹਵਾਈ ਅੱਡੇ ‘ਤੇ ਪਹੁੰਚਿਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਬਾਅਦ ਵਿੱਚ ਉਸੇ ਮਾਮਲੇ ਵਿੱਚ ਆਰਮਜ਼ ਐਕਟ ਦੀਆਂ ਧਾਰਾਵਾਂ ਜੋੜ ਕੇ ਜੇਲ੍ਹ ਭੇਜ ਦਿੱਤਾ ਗਿਆ।
ਐਡਵੋਕੇਟ ਵਿਰਕ ਨੇ ਇਹ ਵੀ ਦੋਸ਼ ਲਗਾਇਆ ਕਿ ਗ੍ਰਿਫ਼ਤਾਰੀ ਸਮੇਂ ਗੁਰਿੰਦਰਪਾਲ ਸਿੰਘ ਖ਼ਿਲਾਫ਼ ਆਰਮਜ਼ ਐਕਟ ਦਾ ਕੋਈ ਕੇਸ ਦਰਜ ਨਹੀਂ ਸੀ ਅਤੇ ਤਿੰਨ ਸਾਲ ਬਾਅਦ ਸਿਆਸੀ ਰੰਜਿਸ਼ ਦੇ ਤਹਿਤ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਅਦਾਲਤ ਤੋਂ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ, ਪਰ ਅਦਾਲਤ ਨੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਮਨਜ਼ੂਰ ਕੀਤਾ।
ਫਿਲਹਾਲ ਪੁਲਿਸ ਰਿਮਾਂਡ ਦੌਰਾਨ ਗੁਰਿੰਦਰਪਾਲ ਸਿੰਘ ਔਜਲਾ ਤੋਂ ਪੁੱਛਗਿੱਛ ਕੀਤੀ ਜਾਵੇਗੀ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਕੀਤੀ ਜਾਵੇਗੀ।
