ਜਲੰਧਰ: ਕੰਵਲਜੀਤ ਸਿੰਘ ਮੱਕੜ – ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ, ਬੰਬੇ ਨਗਰ, ਜਲੰਧਰ ਵਿਖੇ ਅੱਜ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋ ਕੇ ਅਸੀਸਾਂ ਪ੍ਰਾਪਤ ਕੀਤੀਆਂ।
ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਉਪਰੰਤ ਭਾਈ ਦਵਿੰਦਰ ਸਿੰਘ ਉਦਮੀ ਜੀ ਅਤੇ ਉਨ੍ਹਾਂ ਦੇ ਢਾਡੀ ਜਥੇ ਨੇ ਗੁਰੂ ਸਾਹਿਬ ਦੇ ਜੀਵਨ, ਬਾਣੀ ਅਤੇ ਸ਼ੌਰਿਆ ਨਾਲ ਸਬੰਧਤ ਢਾਡੀ ਵਾਰਾਂ ਅਤੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਕਥਾ ਅਤੇ ਕੀਰਤਨ ਦੌਰਾਨ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੀਰੀ-ਪੀਰੀ ਦੇ ਸਿਧਾਂਤ, ਧਰਮ ਦੀ ਰੱਖਿਆ ਅਤੇ ਮਨੁੱਖਤਾ ਦੀ ਸੇਵਾ ਲਈ ਦਿੱਤੇ ਗਏ ਸੰਦੇਸ਼ਾਂ ਉੱਤੇ ਵੀ ਵਿਸਥਾਰ ਨਾਲ ਚਾਨਣਾ ਪਾਇਆ ਗਿਆ।
ਦੀਵਾਨਾਂ ਦੀ ਸਮਾਪਤੀ ਉਪਰੰਤ ਅਰਦਾਸ ਕੀਤੀ ਗਈ ਅਤੇ ਸਮੂਹ ਸੰਗਤ ਦੀ ਚੜ੍ਹਦੀ ਕਲਾ, ਦੇਸ਼-ਵਿਦੇਸ਼ ਦੀ ਖੁਸ਼ਹਾਲੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ। ਇਸ ਤੋਂ ਬਾਅਦ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ, ਜਿਨ੍ਹਾਂ ਵਿੱਚ ਰਵਾਇਤ ਅਨੁਸਾਰ ਮਿੱਸੇ ਪ੍ਰਸ਼ਾਦੇ, ਆਚਾਰ, ਦਹੀਂ, ਲੱਸੀ ਅਤੇ ਹੋਰ ਪ੍ਰਸਾਦਿਆਂ ਦੀ ਸੇਵਾ ਕੀਤੀ ਗਈ। ਸੰਗਤਾਂ ਨੇ ਵੀ ਵੱਡੇ ਉਤਸ਼ਾਹ ਨਾਲ ਲੰਗਰ ਅਤੇ ਹੋਰ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਇਆ।
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੇ ਦਰਸਾਏ ਹੋਏ ਮਾਰਗ ‘ਤੇ ਚੱਲ ਕੇ ਹੀ ਸਮਾਜ ਵਿੱਚ ਪਿਆਰ, ਏਕਤਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ ਹੈ।
