ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ: ਸੀ.ਆਈ.ਏ. ਸਟਾਫ਼ ਜਲੰਧਰ ਦਿਹਾਤੀ ਨੇ ਫਿਲੌਰ ਦੀ ਅਟਵਾਲ ਕਾਲੋਨੀ ਵਿੱਚ ਪ੍ਰਾਪਰਟੀ ਡੀਲਰ ਮਨਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦੇ ਸਾਥੀ ਸੰਜੀਵ ਸ਼ਰਮਾ ‘ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਫਰਾਰ ਚੱਲ ਰਹੇ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਹਰਵਿੰਦਰ ਸਿੰਘ ਵਿਰਕ (ਪੀ.ਪੀ.ਐੱਸ.) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 18 ਅਕਤੂਬਰ 2025 ਨੂੰ ਸੰਜੀਵ ਸ਼ਰਮਾ ਪੁੱਤਰ ਵਿਜੈ ਸ਼ਰਮਾ ਵਾਸੀ ਔੜ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਸੀ ਕਿ ਉਹ ਆਪਣੇ ਦਫ਼ਤਰ ਦੇ ਬਾਹਰ ਪਾਰਕ ਵਿੱਚ ਮੌਜੂਦ ਸੀ। ਇਸ ਦੌਰਾਨ ਇੱਕ ਥਾਰ ਗੱਡੀ ਉੱਥੇ ਆ ਕੇ ਰੁਕੀ, ਜਿਸ ਵਿੱਚੋਂ ਦੋ ਵਿਅਕਤੀ ਹੇਠਾਂ ਉਤਰੇ।
ਉਨ੍ਹਾਂ ਵਿੱਚੋਂ ਇੱਕ ਦੀ ਪਛਾਣ ਰਾਹੁਲ ਉਰਫ਼ ਰਿਤੀਸ਼ ਪੁੱਤਰ ਪ੍ਰਿਥੀ ਚੰਦ ਵਾਸੀ ਲੱਕੜ ਮੰਡੀ, ਫਿਲੌਰ ਵਜੋਂ ਹੋਈ, ਜਿਸ ਨੇ ਮਨਦੀਪ ਸਿੰਘ ਉਰਫ਼ ਗੋਰਾ ਨੂੰ ਗੱਲਬਾਤ ਦੇ ਬਹਾਨੇ ਬਾਹਰ ਬੁਲਾਇਆ। ਕੁਝ ਹੀ ਸਮੇਂ ਬਾਅਦ ਦੋਵਾਂ ਵਿਚਕਾਰ ਵਿਵਾਦ ਹੋ ਗਿਆ ਅਤੇ ਰਾਹੁਲ ਨੇ ਪਿਸਤੌਲ ਕੱਢ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜਦੋਂ ਸੰਜੀਵ ਸ਼ਰਮਾ ਅਤੇ ਮਨਦੀਪ ਸਿੰਘ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਰਾਹੁਲ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਫਾਇਰ ਕਰ ਦਿੱਤੇ। ਇਨ੍ਹਾਂ ਵਿੱਚੋਂ ਇੱਕ ਗੋਲੀ ਸੰਜੀਵ ਸ਼ਰਮਾ ਦੇ ਖੱਬੇ ਗੋਡੇ ਤੋਂ ਉੱਪਰ ਲੱਗੀ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਥਾਰ ਗੱਡੀ ਵਿੱਚ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਦੂਜਾ ਫਾਇਰ ਕਰਨ ਵਾਲਾ ਮੁਲਜ਼ਮ ਅਮਨਦੀਪ ਸਿੰਘ ਉਰਫ਼ ਰਮਨ ਪੁੱਤਰ ਭਜਨ ਸਿੰਘ ਵਾਸੀ ਲੱਕੜ ਮੰਡੀ, ਫਿਲੌਰ ਸੀ। ਇਸ ਸੂਚਨਾ ਦੇ ਆਧਾਰ ‘ਤੇ ਏ.ਐੱਸ.ਆਈ. ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਪਿੰਡ ਪਾਸਲਾ ਵਿੱਚ ਛਾਪੇਮਾਰੀ ਕਰਕੇ ਅਮਨਦੀਪ ਨੂੰ ਉਸ ਦੇ ਨਨਿਹਾਲ ਤੋਂ ਕਾਬੂ ਕਰ ਲਿਆ ਅਤੇ ਮਾਮਲੇ ਵਿੱਚ ਵਿਧੀਵਤ ਗ੍ਰਿਫ਼ਤਾਰ ਕਰ ਲਿਆ।
ਐੱਸ.ਐੱਸ.ਪੀ. ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਅਮਨਦੀਪ ਆਪਣੇ ਸਾਥੀ ਰਾਹੁਲ ਉਰਫ਼ ਰਿਤੀਸ਼ ਨਾਲ ਲਗਾਤਾਰ ਠਿਕਾਣੇ ਬਦਲ ਕੇ ਪੁਲਿਸ ਤੋਂ ਬਚਦਾ ਫਿਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਤਾਂ ਜੋ ਫਰਾਰ ਸਾਥੀ ਰਾਹੁਲ ਉਰਫ਼ ਰਿਤੀਸ਼ ਦੀ ਗ੍ਰਿਫ਼ਤਾਰੀ, ਵਾਰਦਾਤ ਵਿੱਚ ਵਰਤੇ ਗਏ ਹਥਿਆਰ ਦੇ ਸਰੋਤ, ਫਰਾਰ ਹੋਣ ਲਈ ਵਰਤੇ ਵਾਹਨਾਂ ਦੀ ਬਰਾਮਦਗੀ ਅਤੇ ਹੋਰ ਅਹਿਮ ਪੁੱਛਗਿੱਛ ਕੀਤੀ ਜਾ ਸਕੇ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਫਰਾਰ ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
