ਜਲੰਧਰ : ਕੰਵਲਜੀਤ ਸਿੰਘ ਮੱਕੜ – ਜਲੰਧਰ ਦੇ ਸ਼ੀਤਲਾ ਮੰਦਰ ਨੇੜੇ ਸਥਿਤ ਲਵਲੀ ਟੀ ਸਟਾਲ ‘ਤੇ ਸ਼ੁੱਕਰਵਾਰ ਸਵੇਰੇ ਉਸ ਸਮੇਂ ਹੰਗਾਮਾ ਖੜ੍ਹਾ ਹੋ ਗਿਆ, ਜਦੋਂ ਕੁਝ ਕਾਰ ਸਵਾਰ ਵਿਅਕਤੀਆਂ ਨੇ ਮਾਮੂਲੀ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਦੁਕਾਨਦਾਰ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਦੁਕਾਨਦਾਰ ਦੀ ਬਾਂਹ ਫ੍ਰੈਕਚਰ ਹੋ ਗਈ, ਜਦਕਿ ਉਸ ਦੇ ਪੈਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਪੁਲਿਸ ਨੇ ਪੀੜਤ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਜਗਦੀਸ਼ ਸਿੰਘ ਲਵਲੀ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ ਆਪਣੀ ਚਾਹ ਦੀ ਦੁਕਾਨ ਖੋਲ੍ਹ ਕੇ ਕੰਮ ਕਰ ਰਿਹਾ ਸੀ। ਇਸ ਦੌਰਾਨ ਇੱਕ ਕਾਰ ਵਿੱਚ ਸਵਾਰ ਵਿਅਕਤੀ ਉਸ ਦੀ ਦੁਕਾਨ ‘ਤੇ ਆਇਆ ਅਤੇ ਦੋ ਕੁਰਕੁਰੇ ਅਤੇ ਦੋ ਚਿਪਸ ਦੇ ਪੈਕਟ ਲਏ। ਜਦੋਂ ਉਸ ਨੇ ਸਮਾਨ ਦੇ 40 ਰੁਪਏ ਮੰਗੇ ਤਾਂ ਕਾਰ ਸਵਾਰ ਗਾਲੀ-ਗਲੌਚ ਕਰਨ ਲੱਗ ਪਿਆ।
ਪੀੜਤ ਦੇ ਅਨੁਸਾਰ ਕੁਝ ਸਮੇਂ ਬਾਅਦ ਉਹੀ ਵਿਅਕਤੀ ਆਪਣੀ ਕਾਰ ਅੱਗੇ ਲੈ ਜਾ ਕੇ ਮੁੜ ਦੁਕਾਨ ‘ਤੇ ਆਇਆ ਅਤੇ ਆਪਣੇ ਇੱਕ ਹੋਰ ਸਾਥੀ ਨੂੰ ਵੀ ਬੁਲਾ ਲਿਆ। ਦੋਵਾਂ ਨੇ ਮਿਲ ਕੇ ਬੇਸਬਾਲ ਬੈਟ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਹਮਲਾ ਇੰਨਾ ਜ਼ਬਰਦਸਤ ਸੀ ਕਿ ਉਸ ਦੀ ਬਾਂਹ ਟੁੱਟ ਗਈ ਅਤੇ ਪੈਰ ਦਾ ਮਾਸ ਵੀ ਫਟ ਗਿਆ।
ਘਟਨਾ ਦੌਰਾਨ ਆਲੇ-ਦੁਆਲੇ ਦੇ ਲੋਕਾਂ ਨੇ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਹਮਲਾਵਰਾਂ ਨੇ ਉਨ੍ਹਾਂ ਨਾਲ ਵੀ ਗਾਲੀ-ਗਲੌਚ ਕੀਤੀ, ਜਿਸ ਕਾਰਨ ਲੋਕ ਪਿੱਛੇ ਹਟ ਗਏ। ਇਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ ਅਤੇ ਆਪਣਾ ਲਿਆ ਹੋਇਆ ਸਮਾਨ ਵੀ ਉੱਥੇ ਹੀ ਛੱਡ ਗਏ।
ਪੀੜਤ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ ਅਤੇ ਉਹ ਹਮਲਾਵਰਾਂ ਨੂੰ ਪਹਿਲਾਂ ਤੋਂ ਨਹੀਂ ਜਾਣਦਾ। ਘਟਨਾ ਤੋਂ ਤੁਰੰਤ ਬਾਅਦ 112 ਐਮਰਜੈਂਸੀ ਹੈਲਪਲਾਈਨ ‘ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਦੀ ਸਲਾਹ ‘ਤੇ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਬਾਅਦ ਵਿੱਚ ਐਚਪੀ ਹਸਪਤਾਲ ਵਿੱਚ ਇਲਾਜ ਲਈ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਬਾਂਹ ਵਿੱਚ ਫ੍ਰੈਕਚਰ ਅਤੇ ਪੈਰ ‘ਤੇ ਗੰਭੀਰ ਸੱਟਾਂ ਦੀ ਪੁਸ਼ਟੀ ਕੀਤੀ।
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਰ ਸਵਾਰ ਵਿਅਕਤੀ ਮੋਗਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਜਾਂਚ ਅਧਿਕਾਰੀ ਏਐਸਆਈ ਜਰਮਨ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਜੀ ਧਿਰ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਵਾਂ ਪੱਖਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਵਿੱਚ ਡਰ ਅਤੇ ਰੋਸ ਦਾ ਮਾਹੌਲ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ‘ਤੇ ਰੋਕ ਲੱਗ ਸਕੇ।
