ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ : ਕੰਵਲਜੀਤ ਸਿੰਘ ਮੱਕੜ – ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਜਿਸ ਨੌਜਵਾਨ ਨੂੰ ਮ੍ਰਿਤ ਸਮਝ ਕੇ ਉਸ ਦਾ ਅੰਤਿਮ ਸੰਸਕਾਰ ਅਤੇ ਭੋਗ ਤੱਕ ਪਾ ਚੁੱਕਾ ਸੀ, ਉਹ ਕਰੀਬ 15 ਦਿਨ ਬਾਅਦ ਕੇਂਦਰੀ ਜੇਲ੍ਹ ਕਪੂਰਥਲਾ ਵਿੱਚ ਜ਼ਿੰਦਾ ਮਿਲਿਆ। ਜੇਲ੍ਹ ਤੋਂ ਫੋਨ ਆਉਣ ’ਤੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਦੋਂ ਪਰਿਵਾਰਕ ਮੈਂਬਰ ਜੇਲ੍ਹ ਪਹੁੰਚੇ ਤਾਂ ਸਾਹਮਣੇ ਆਪਣਾ ਪੁੱਤਰ ਜ਼ਿੰਦਾ ਦੇਖ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਦੂਪੁਰ ਵਾਸੀ ਰਵੀ ਕੁਮਾਰ ਦੇ ਪਿਤਾ ਟੀਟੀ ਅਤੇ ਭਰਾ ਅਮਨਦੀਪ ਕੁਮਾਰ ਨੇ ਦੱਸਿਆ ਕਿ ਰਵੀ ਕੁਮਾਰ 5 ਅਗਸਤ ਨੂੰ ਘਰੋਂ ਬਾਹਰ ਗਿਆ ਸੀ, ਪਰ ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਪਰਤਿਆ। ਪਰਿਵਾਰ ਵੱਲੋਂ ਆਪਣੇ ਪੱਧਰ ’ਤੇ ਉਸ ਦੀ ਕਾਫੀ ਭਾਲ ਕੀਤੀ ਗਈ, ਪਰ ਜਦੋਂ ਉਸ ਦਾ ਕੋਈ ਪਤਾ ਨਹੀਂ ਲੱਗਾ ਤਾਂ 11 ਅਗਸਤ ਨੂੰ ਉਹ ਥਾਣਾ ਸਿਟੀ ਕਪੂਰਥਲਾ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਉਣ ਲਈ ਪਹੁੰਚੇ।
ਪਰਿਵਾਰ ਦਾ ਕਹਿਣਾ ਹੈ ਕਿ ਇਸ ਦੌਰਾਨ ਪੁਲਿਸ ਵੱਲੋਂ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਕਾਂਜਲੀ ਰੋਡ ’ਤੇ ਸਥਿਤ ਟ੍ਰੇਨਿੰਗ ਸੈਂਟਰ ਨੇੜੇ ਗਲੀ-ਸੜੀ ਹਾਲਤ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਲਾਸ਼ ਦੀ ਫੋਟੋ ਵੀ ਦਿਖਾਈ ਗਈ।
ਪਰਿਵਾਰ ਅਨੁਸਾਰ, ਕੁਝ ਦਿਨਾਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਹੋਰ ਲੋਕਾਂ ਨੇ ਫੋਟੋ ਦੇ ਆਧਾਰ ’ਤੇ ਅਣਪਛਾਤੀ ਲਾਸ਼ ਦੀ ਪਛਾਣ ਰਵੀ ਕੁਮਾਰ ਵਜੋਂ ਕਰ ਲਈ। ਇਸ ਤੋਂ ਬਾਅਦ ਪਰਿਵਾਰ ਨੇ 13 ਅਗਸਤ ਨੂੰ ਰਵੀ ਸਮਝੀ ਜਾ ਰਹੀ ਲਾਸ਼ ਦਾ ਪੂਰੇ ਰੀਤੀ-ਰਿਵਾਜਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ, ਜਦਕਿ 15 ਅਗਸਤ ਨੂੰ ਉਸ ਦਾ ਭੋਗ ਵੀ ਪਾ ਦਿੱਤਾ ਗਿਆ। ਪਰਿਵਾਰ ਨੂੰ ਪੂਰਾ ਯਕੀਨ ਸੀ ਕਿ ਉਨ੍ਹਾਂ ਦਾ ਪੁੱਤਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ।
2 ਸਤੰਬਰ ਨੂੰ ਆਇਆ ਜੇਲ੍ਹ ਤੋਂ ਫੋਨ
ਮਾਮਲੇ ਨੇ ਉਸ ਸਮੇਂ ਨਵਾਂ ਅਤੇ ਹੈਰਾਨੀਜਨਕ ਮੋੜ ਲੈ ਲਿਆ ਜਦੋਂ 2 ਸਤੰਬਰ ਨੂੰ ਪਰਿਵਾਰ ਕੋਲ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਫੋਨ ਆਇਆ। ਜੇਲ੍ਹ ਦੇ ਕਰਮਚਾਰੀ ਨੇ ਪਰਿਵਾਰ ਨੂੰ ਦੱਸਿਆ ਕਿ ਰਵੀ ਕੁਮਾਰ ਨਾਮ ਦਾ ਇੱਕ ਨੌਜਵਾਨ ਜੇਲ੍ਹ ਵਿੱਚ ਬੰਦ ਹੈ।
ਇਹ ਸੁਣਦਿਆਂ ਹੀ ਪਰਿਵਾਰ ਹੈਰਾਨ ਰਹਿ ਗਿਆ। ਸ਼ੁਰੂ ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਮਿਲੀ ਇਸ ਜਾਣਕਾਰੀ ’ਤੇ ਵਿਸ਼ਵਾਸ ਨਹੀਂ ਹੋਇਆ, ਕਿਉਂਕਿ ਉਹ ਤਾਂ ਕੁਝ ਦਿਨ ਪਹਿਲਾਂ ਹੀ ਰਵੀ ਦਾ ਅੰਤਿਮ ਸੰਸਕਾਰ ਕਰ ਚੁੱਕੇ ਸਨ। ਪਰ ਜਦੋਂ ਪਰਿਵਾਰਕ ਮੈਂਬਰ ਕੇਂਦਰੀ ਜੇਲ੍ਹ ਕਪੂਰਥਲਾ ਪਹੁੰਚੇ ਅਤੇ ਉਨ੍ਹਾਂ ਨੇ ਰਵੀ ਨੂੰ ਆਪਣੀਆਂ ਅੱਖਾਂ ਨਾਲ ਜ਼ਿੰਦਾ ਦੇਖਿਆ ਤਾਂ ਉਨ੍ਹਾਂ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ।
ਜਾਲੰਧਰ ਪੁਲਿਸ ਵੱਲੋਂ ਫੜੇ ਜਾਣ ਦਾ ਦਾਅਵਾ
ਪਰਿਵਾਰਕ ਮੈਂਬਰਾਂ ਮੁਤਾਬਕ ਰਵੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨੂੰ ਜਾਲੰਧਰ ਪੁਲਿਸ ਵੱਲੋਂ ਆਵਾਰਾਗਰਦੀ ਦੇ ਇੱਕ ਮਾਮਲੇ ਵਿੱਚ ਫੜ ਕੇ ਜੇਲ੍ਹ ਭੇਜਿਆ ਗਿਆ ਸੀ। ਇਸ ਦੌਰਾਨ ਪਰਿਵਾਰ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਸੀ ਕਿ ਰਵੀ ਜ਼ਿੰਦਾ ਹੈ ਅਤੇ ਜੇਲ੍ਹ ਵਿੱਚ ਬੰਦ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਇੱਕ ਪਾਸੇ ਉਨ੍ਹਾਂ ਨੇ ਆਪਣੇ ਪੁੱਤਰ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਅਤੇ ਦੂਜੇ ਪਾਸੇ ਅਣਪਛਾਤੀ ਲਾਸ਼ ਦੀ ਪਛਾਣ ਰਵੀ ਵਜੋਂ ਹੋਣ ਕਾਰਨ ਉਸ ਦਾ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ। ਹੁਣ ਰਵੀ ਦੇ ਜ਼ਿੰਦਾ ਮਿਲਣ ਤੋਂ ਬਾਅਦ ਇਹ ਸਾਰਾ ਮਾਮਲਾ ਕਈ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ।
ਅਸਲ ਲਾਸ਼ ਕਿਸ ਦੀ ਸੀ?
ਇਸ ਘਟਨਾ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ ਕਾਂਜਲੀ ਰੋਡ ਨੇੜੇ ਮਿਲੀ ਉਹ ਲਾਸ਼ ਅਸਲ ਵਿੱਚ ਕਿਸ ਵਿਅਕਤੀ ਦੀ ਸੀ? ਜੇਕਰ ਉਹ ਲਾਸ਼ ਰਵੀ ਕੁਮਾਰ ਦੀ ਨਹੀਂ ਸੀ ਤਾਂ ਉਸ ਦੀ ਪਛਾਣ ਰਵੀ ਵਜੋਂ ਕਿਵੇਂ ਹੋਈ? ਲਾਸ਼ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਕਿਹੜੇ ਆਧਾਰ ਵਰਤੇ ਗਏ ਅਤੇ ਪੁਲਿਸ ਵੱਲੋਂ ਇਸ ਦੀ ਪੁਸ਼ਟੀ ਕਿਸ ਤਰ੍ਹਾਂ ਕੀਤੀ ਗਈ—ਇਹ ਸਾਰੇ ਸਵਾਲ ਹੁਣ ਜਾਂਚ ਦਾ ਵਿਸ਼ਾ ਬਣ ਗਏ ਹਨ।
ਇਸ ਘਟਨਾ ਨੇ ਕਪੂਰਥਲਾ ਪੁਲਿਸ ਦੀ ਕਾਰਗੁਜ਼ਾਰੀ, ਅਣਪਛਾਤੀ ਲਾਸ਼ ਦੀ ਪਛਾਣ ਦੀ ਪ੍ਰਕਿਰਿਆ ਅਤੇ ਪੁਲਿਸ ਰਿਕਾਰਡ ਵਿੱਚ ਦਰਜ ਜਾਣਕਾਰੀ ਨੂੰ ਲੈ ਕੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਪਰਿਵਾਰ ਲਈ ਇਹ ਘਟਨਾ ਜਿੱਥੇ ਇੱਕ ਪਾਸੇ ਬੇਹੱਦ ਦੁਖਦਾਈ ਅਤੇ ਮਾਨਸਿਕ ਤੌਰ ’ਤੇ ਪਰੇਸ਼ਾਨ ਕਰਨ ਵਾਲੀ ਰਹੀ, ਉੱਥੇ ਹੀ ਪੁੱਤਰ ਦੇ ਜ਼ਿੰਦਾ ਮਿਲਣ ਨਾਲ ਹੁਣ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਦੂਜੇ ਪਾਸੇ ਅਣਪਛਾਤੀ ਲਾਸ਼ ਦੀ ਅਸਲ ਪਛਾਣ ਅਤੇ ਇਸ ਪੂਰੇ ਮਾਮਲੇ ਵਿੱਚ ਹੋਈ ਗਲਤੀ ਜਾਂ ਲਾਪਰਵਾਹੀ ਦੀ ਸੱਚਾਈ ਪੁਲਿਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।
