ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ
ਜਲੰਧਰ : ਕੰਵਲਜੀਤ ਸਿੰਘ ਮੱਕੜ – ਦੇਸ਼ ਭਰ ਦੀਆਂ ਬੈਂਕ ਯੂਨੀਅਨਾਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ ਦੇਸ਼ਵਿਆਪੀ ਹੜਤਾਲ ਕੀਤੀ ਗਈ। ਇਸ ਹੜਤਾਲ ਦਾ ਅਸਰ ਜਲੰਧਰ ਵਿੱਚ ਵੀ ਦੇਖਣ ਨੂੰ ਮਿਲਿਆ, ਜਿੱਥੇ ਸਰਕਾਰੀ ਬੈਂਕਾਂ ਦੀਆਂ ਕਈ ਸ਼ਾਖਾਵਾਂ ਵਿੱਚ ਕੰਮਕਾਜ ਪ੍ਰਭਾਵਿਤ ਰਿਹਾ। ਬੈਂਕ ਕਰਮਚਾਰੀਆਂ ਦੇ ਹੜਤਾਲ ’ਤੇ ਰਹਿਣ ਕਾਰਨ ਸ਼ਾਖਾਵਾਂ ਵਿੱਚ ਪਹੁੰਚੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਬੈਂਕਿੰਗ ਸੇਵਾਵਾਂ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਹਾਲਾਂਕਿ ਏਟੀਐਮ, ਡਿਜੀਟਲ ਬੈਂਕਿੰਗ, ਮੋਬਾਈਲ ਬੈਂਕਿੰਗ ਅਤੇ ਹੋਰ ਆਨਲਾਈਨ ਸੇਵਾਵਾਂ ਆਮ ਤੌਰ ’ਤੇ ਉਪਲਬਧ ਰਹਿਣ ਕਾਰਨ ਗਾਹਕਾਂ ਵੱਲੋਂ ਕਈ ਜ਼ਰੂਰੀ ਕੰਮ ਇਨ੍ਹਾਂ ਮਾਧਿਅਮਾਂ ਰਾਹੀਂ ਕੀਤੇ ਜਾ ਸਕੇ। ਇਸ ਦੇ ਬਾਵਜੂਦ ਬੈਂਕ ਸ਼ਾਖਾਵਾਂ ਨਾਲ ਸਿੱਧੇ ਤੌਰ ’ਤੇ ਜੁੜੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ।
ਇਸ ਮੌਕੇ ਬੈਂਕ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀਐਨਬੀ ਸਟਾਫ਼ ਯੂਨੀਅਨ ਦੇ ਡਿਪਟੀ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਦੇਸ਼ ਪੱਧਰ ’ਤੇ ਬੈਂਕ ਕਰਮਚਾਰੀਆਂ ਵੱਲੋਂ ਹੜਤਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਬੈਂਕ ਪ੍ਰਬੰਧਨ ਦੇ ਸਾਹਮਣੇ ਆਵਾਜ਼ ਉਠਾ ਰਹੇ ਹਨ, ਪਰ ਕਈ ਮਾਮਲੇ ਅਜੇ ਵੀ ਲੰਬਿਤ ਪਏ ਹਨ।
ਵਿਨੋਦ ਸ਼ਰਮਾ ਨੇ ਕਿਹਾ ਕਿ ਬੈਂਕ ਕਰਮਚਾਰੀਆਂ ਦੀਆਂ ਪ੍ਰਮੁੱਖ ਮੰਗਾਂ ਵਿੱਚ 5 ਦਿਨਾਂ ਦਾ ਬੈਂਕਿੰਗ ਹਫ਼ਤਾ ਲਾਗੂ ਕਰਨਾ, ਪਰਫਾਰਮੈਂਸ ਲਿੰਕਡ ਇਨਸੈਂਟਿਵ (PLI) ਨਾਲ ਸਬੰਧਤ ਮੰਗਾਂ ’ਤੇ ਕਾਰਵਾਈ ਕਰਨਾ ਅਤੇ ਕਰਮਚਾਰੀਆਂ ਨਾਲ ਜੁੜੇ ਹੋਰ ਲੰਬਿਤ ਮਸਲਿਆਂ ਦਾ ਹੱਲ ਕਰਨਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਬੈਂਕਿੰਗ ਖੇਤਰ ਵਿੱਚ ਕੰਮ ਦਾ ਦਬਾਅ ਲਗਾਤਾਰ ਵੱਧ ਰਿਹਾ ਹੈ। ਗਾਹਕਾਂ ਦੀਆਂ ਵਧਦੀਆਂ ਸੇਵਾਵਾਂ ਅਤੇ ਕੰਮ ਦੇ ਬੋਝ ਦੇ ਮੁਕਾਬਲੇ ਕਰਮਚਾਰੀਆਂ ਨਾਲ ਸਬੰਧਤ ਕਈ ਮਸਲਿਆਂ ਦਾ ਹੱਲ ਅਜੇ ਤੱਕ ਨਹੀਂ ਹੋਇਆ। ਬੈਂਕ ਕਰਮਚਾਰੀਆਂ ਦਾ ਦੋਸ਼ ਹੈ ਕਿ ਸਰਕਾਰ ਵੱਲੋਂ 5 ਦਿਨਾਂ ਦੇ ਬੈਂਕਿੰਗ ਹਫ਼ਤੇ ਸਬੰਧੀ ਸਹਿਮਤੀ ਦੇ ਬਾਵਜੂਦ ਇਸ ਨੂੰ ਲਾਗੂ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ।
ਬੈਂਕ ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ 28, 29 ਅਤੇ 30 ਤਰੀਕ ਨੂੰ ਵੀ ਹੜਤਾਲ ਸਬੰਧੀ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈ ਮੰਗਾਂ ਵੀ ਲੰਬੇ ਸਮੇਂ ਤੋਂ ਪੈਂਡਿੰਗ ਹਨ।
ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਅਤੇ ਵਿੱਤ ਮੰਤਰਾਲੇ ਦੀਆਂ ਨੀਤੀਆਂ ਖ਼ਿਲਾਫ਼ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਨੂੰ ਬੈਂਕ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ’ਤੇ ਤੁਰੰਤ ਵਿਚਾਰ ਕਰਕੇ ਉਨ੍ਹਾਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਦੌਰਾਨ ਕਰਮਚਾਰੀਆਂ ਵੱਲੋਂ ਕੇਂਦਰ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ।
