ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੱਲਬਾਤ ਖਤਮ ਹੋ ਗਈ ਹੈ। ਦੋਵੇਂ ਆਗੂ ਮੀਡੀਆ ਨਾਲ ਬਿਨਾਂ ਗੱਲ ਕੀਤੇ ਨਿਕਲ ਗਏ। ਸੂਤਰਾਂ ਦਾ ਕਹਿਣਾ ਹੈ ਕਿ ਹਾਲ ਵਿੱਚ ਨਿਯੁਕਤ ਦੋ ਅਫ਼ਸਰਾਂ ਨੂੰ ਹਟਾਇਆ ਜਾ ਸਕਦਾ ਹੈ, ਪਰ ਇਸ ਬਾਰੇ ਅੱਜ ਦੇਰ ਰਾਤ ਤਕ ਫ਼ੈਸਲਾ ਹੋ ਸਕਦਾ ਹੈ। ਬੈਠਕ ਤੋਂ ਬਾਅਦ ਕਾਂਗਰਸ ਆਗੂਆਂ ਨੇ ਕਿਹਾ ਕਿ ਸਾਰੇ ਮਾਮਲੇ ਸੁਲਝ ਗਏ ਹਨ ਅਤੇ ਇਸ ਬਾਰੇ ਕੱਲ੍ਹ ਤੱਕ ਸਥਿਤੀ ਸਾਫ਼ ਹੋ ਜਾਵੇਗੀ। ਸਿੱਧੂ ਨੇ ਅਸਤੀਫ਼ਾ ਵਾਪਸ ਲਿਆ ਜਾਂ ਨਹੀਂ ਇਸ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ। ਦੱਸਿਆ ਜਾਂਦਾ ਹੈਕਿ ਬੈਠਕ ’ਚ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਕਾਂਗਰਸ ਨੂੰ ਮਰਨ ਨਹੀਂ ਦਿਆਂਗਾ।
ਬੈਠਕ ’ਚ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਬਾਰੇ ਗੱਲਬਾਤ ਹੋਈ। ਦੱਸਿਆ ਜਾਂਦਾ ਹੈ ਕਿ ਸਿੱਧੂ ਪੰਜਾਬ ਦੇ ਕਾਰਜ ਵਾਹਕ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਅਤੇ ਏਜੀ ਅਮਰਪ੍ਰੀਤ ਸਿੰਘ ਦਿਓਲ ਨੂੰ ਹਟਾਉਣ ’ਤੇ ਅੜੇ ਹੋਏ ਸਨ। ਦੂਜੇ ਪਾਸੇ ਕਾਂਗਰਸ ਦੇ ਸੂਤਰਾਂ ਨੇ ਸੰਕੇਤ ਦਿੱਤਾ ਕਿ ਦੋਵਾਂ ਦੀ ਬੈਠਕ ’ਚ ਮਾਮਲਾ ਸੁਲਝ ਸਕਦਾ ਹੈ। ਦੂਜੇ ਪਾਸੇ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਦੀ 4 ਅਕਤੂਬਰ ਨੂੰ ਬੈਠਕ ਬੁਲਾਈ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਹੋ ਗਈ ਹੈ। ਸਿੱਧੂ ਪੰਜਾਬ ਭਵਨ ਪਹੁੰਚੇ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਤੋਂ ਠੀਕ ਪਹਿਲਾਂ ਆਪਣੇ ਤਿੱਖੇ ਤੇਵਰ ਦਿਖਾਏ ਹਨ। ਉਨ੍ਹਾਂ ਨੇ ਦਿਨਕਰ ਗੁਪਤਾ ਦੀ ਛੁੱਟੀ ਕੀਤੇ ਜਾਣ ਤੋਂ ਬਾਅਦ ਕਾਰਜ ਵਾਹਕ ਡੀਜੀਪੀ ਬਣਾਏ ਗਏ ਇਕਬਾਲ ਪ੍ਰੀਤ ਸਿੰਘ ਸਹੋਤਾ ’ਤੇ ਨਿਸ਼ਾਨਾ ਲਗਾਇਆ ਹੈ। ਚੰਨੀ ਨਾਲ ਬੈਠਕ ’ਚ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ’ਤੇ ਚਰਚਾ ਹੋਈ।
ਨਵਜੋਤ ਸਿੰਘ ਸਿੱਧੂ ਨੇ ਚੰਨੀ ਨਾਲ ਬੈਠਕ ਤੋਂ ਪਹਿਲਾਂ ਡੀਜੀਪੀ ਬਣਾਏ ਗਏ ਇਕਬਾਲ ਪ੍ਰੀਤ ਸਹੋਤਾ ’ਤੇ ਟਵੀਟ ਕਰਕੇ ਹਮਲਾ ਬੋਲ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਡੀਜੀਪੀ ਆਈਪੀਐੱਸ ਸਹੋਤਾ ਬਾਦਲ ਸਰਕਾਰ ਦੇ ਸਮੇਂ ਹੋਈ ਬੇਅਦਬੀ ਦੀ ਘਟਨਾ ਦੀ ਜਾਂਚ ਲਈ ਗਠਿਤ ਐੱਸਆਈਟੀ ਦੇ ਮੁਖੀ ਸਨ। ਉਨ੍ਹਾਂ ਨੇ ਦੋ ਸਿੱਖ ਨੌਜਵਾਨਾਂ ਨੂੰ ਗਲਤ ਢੰਗ ਨਾਲ ਫਸਾਇਆ ਸੀ ਅਤੇ ਬਾਦਲਾਂ ਨੂੰ ਕਲੀਨਚਿੱਟ ਦਿੱਤੀ ਸੀ। ਉਸ ਸਮੇਂ ਮੈਂ ਕਾਂਗਰਸ ਦੇ ਕਈ ਮੰਤਰੀਆਂ ਅਤੇ ਅੱਜ ਦੇ ਗ੍ਰਹਿ ਮੰਤਰੀਆਂ ਦੇ ਨਾਲ ਉਥੇ ਗਿਆ ਸੀ ਅਤੇ ਉਨ੍ਹਾਂ ਨੇ ਲੋਕਾਂ ਦੇ ਸਮਰਥਨ ’ਚ ਲੜਾਈ ਦਾ ਭਰੋਸਾ ਦਿਵਾਇਆ ਸੀ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਾਅਦ ਦੁਪਹਿਰ ਤਿੰਨ ਵਜੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਜਿਨ੍ਹਾਂ ਨੇ ਦੋ ਦਿਨ ਪਹਿਲਾ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ, ਨੂੰ ਮਨਾਉਣ ਲਈ ਕਾਂਗਰਸ ਭਵਨ ਵਿਖੇ ਮੁਲਾਕਾਤ ਕਰਨਗੇ। ਪਾਰਟੀ ਹਾਈਕਮਾਨ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਿੱਧੂ ਨੂੰ ਮਨਾਉਣ ਦੀ ਡਿਊਟੀ ਲਗਾਈ ਹੈ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਲਈ ਨਵਜੋਤ ਸਿੰਘ ਸਿੱਧੂ ਪਟਿਆਲਾ ਤੋਂ ਰਵਾਨਾ ਹੋ ਚੁੱਕੇ ਹਨ। ਉਹ ਕੁਝ ਹੀ ਸਮੇਂ ਤਕ ਚੰਡੀਗਡ਼੍ਹ ਦੇ ਕਾਂਗਰਸ ਭਵਨ ਵਿਚ ਪਹੁੰਚ ਜਾਣਗੇ।
ਚੰਨੀ-ਸਿੱਧੂ ਮੁਲਾਕਾਤ ਤੋਂ ਪਹਿਲਾਂ ਜਾਖੜ ਦਾ ਤਿੱਖਾ ਹਮਲਾ
ਦੁਪਹਿਰ 3 ਵਜੇ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਵਜੋਤ ਸਿੰਘ ਸਿੱਧੂ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਹੁਣ ਬਹੁਤ ਹੋ ਗਿਆ ਹੈ। ਮੁੱਖ ਮੰਤਰੀ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਵਾਰ ਵਾਰ ਕੋਸ਼ਿਸ਼ਾਂ ਨੂੰ ਖਤਮ ਕਰੋ। ਏਜੀ ਅਤੇ ਡੀਜੀਪੀ ਦੀ ਚੋਣ ਨੂੰ ਜ਼ਿੰਮੇਵਾਰ ਠਹਿਰਾਉਣਾ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਅਸਲ ਵਿੱਚ ਨਤੀਜੇ ਦੇਣ ਦੀ ਇਮਾਨਦਾਰੀ/ਯੋਗਤਾ ‘ਤੇ ਸਵਾਲ ਉਠਾਉਣਾ ਹੈ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਥੋੜਾ ਪਿੱਛੇ ਹਟ ਜਾਈਏ ਤਾਂ ਜੋ ਚੀਜ਼ਾਂ ਸਪਸ਼ਟ ਹੋਣ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ ਮਸਲਾ ਹੱਲ ਹੁੰਦਾ ਜਾਪਦਾ ਹੈ। ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫ਼ਾ ਨੇ ਕਿਹਾ ਹੈ ਕਿ ਸਿੱਧੂ ਸੂਬਾ ਪ੍ਰਧਾਨ ਬਣੇ ਰਹਿਣਗੇ। ਦੱਸਿਆ ਜਾ ਰਿਹਾ ਹੈ ਕਿ ਮੁਸਤਫਾ ਨੇ ਵੀਰਵਾਰ ਨੂੰ ਕਿਹਾ ਕਿ ਸਾਰੇ ਮਾਮਲਿਆਂ ਦੇ ਜਲਦੀ ਹੱਲ ਹੋਣ ਦੀ ਉਮੀਦ ਹੈ। ਕੱਲ੍ਹ ਸਿੱਧੂ ਦੇ ਵੀਡੀਓ ਸੰਦੇਸ਼ ਦੇ ਬਾਰੇ ਮੁਸਤਫਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਬਿਆਨ ਭਾਵੁਕਤਾ ਵਿਚ ਦੇ ਦਿੱਤਾ ਸੀ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕਰਨ ਲਈ ਪਟਿਆਲਾ ਤੋਂ ਚੰਡੀਗੜ੍ਹ 3 ਵਜੇ ਪਹੁੰਚ ਰਹੇ ਹਨ।
