ਜਲੰਧਰ –ਥਾਣਾ ਮਕਸੂਦਾਂ ਦੀ ਪੁਲਸ ਨੇ 1 ਕੁਇੰਟਲ 25 ਕਿਲੋ ਡੋਡੇ ਚੂਰਾ-ਪੋਸਤ ਸਮੇਤ 2 ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ . ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਇਕ ਟਰੱਕ ਨੰਬਰ ਐੱਚ. ਪੀ. 38 ਈ. 9890 ਦਾ ਚਾਲਕ ਅਤੇ ਉਸ ਦਾ ਸਾਥੀ ਜੰਮੂ-ਕਸ਼ਮੀਰ ਤੋਂ ਸੇਬਾਂ ਵਾਲੀਆਂ ਪੇਟੀਆਂ ਦੇ ਥੱਲੇ ਡੋਡੇ ਚੂਰਾ-ਪੋਸਤ ਪਠਾਨਕੋਟ ਤੋਂ ਲੈ ਕੇ ਜਲੰਧਰ ਦੇ ਹਾਈਵੇਅ ’ਤੇ ਕੁਝ ਇਲਾਕਿਆਂ ਵਿਚ ਸਪਲਾਈ ਦਿੰਦਾ ਹੈ, ਜਿਸ ਦੀ ਰੇਕੀ ਕਰ ਉਸ ਨੂੰ ਕਾਬੂ ਕੀਤਾ ਗਿਆ ਜਾ ਸਕਦਾ ਹੈ, ਜਿਸ ਸਬੰਧੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਸਮੇਤ ਪੁਲਸ ਪਾਰਟੀ ਅੱਡਾ ਨੂਰਪੁਰ ਵਿਖੇ ਸਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਹਿਮਾਚਲ ਨੰਬਰ ਟਰੱਕ ਚਾਲਕ ਪਿੰਡ ਰਾਓਵਾਲੀ ਕੋਲ ਆ ਰਿਹਾ ਸੀ, ਅੱਗੇ ਪੁਲਸ ਨਾਕਾ ਵੇਖ ਕੇ ਟਰੱਕ ਚਾਲਕ ਅਤੇ ਉਸ ਦਾ ਸਾਥੀ ਪਿਛਾਂਹ ਨੂੰ ਭੱਜ ਗਿਆ।
ਪੁਲਸ ਪਾਰਟੀ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਅਤੇ ਟਰੱਕ ਦੀ ਤਲਾਸ਼ੀ ਲੈਣ ’ਤੇ ਸੇਬ ਦੀਆਂ ਪੇਟੀਆਂ ਥੱਲੋਂ ਪੰਜ ਬੋਰੇ ਪਲਾਸਟਿਕ ਦੇ 125 ਕਿਲੋ ਡੋਡੇ ਚੂਰਾ-ਪੋਸਤ ਬਰਾਮਦ ਹੋਈ, ਜਿਨ੍ਹਾਂ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨਾਂ ਨੇ ਪਿੰਡ ਰਾਓਵਾਲੀ ਵਿਖੇ ਇਸ ਦੀ ਸਪਲਾਈ ਦੇਣੀ ਸੀ। ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਬਿੱਟੂ ਦੀਨ ਪੁੱਤਰ ਯੂਸ਼ਫ ਦੀਨ ਵਾਸੀ ਪਿੰਡ ਅੋੰਦ ਥਾਣਾ ਨੂੰ ਨੂਰਪੁਰ ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਅਤੇ ਆਲਮਦੀਨ ਪੁੱਤਰ ਉਮਰਦੀਨ ਵਾਸੀ ਵਾਰਡ ਨੰਬਰ ਦੋ ਪਿੰਡ ਔਂਦ ਥਾਣਾ ਨੂਰਪੁਰ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ। ਇਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ।
