LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ
ਹਰੀਕੇ ਪੱਤਣ :ਪਿੰਡ ਨਾਗੋਕੇ ‘ਚ ਚਾਚੇ ਭਤੀਜੇ ਦਾ ਕਤਲ ਕਰਨ ਦੇ ਦੋਸ਼ ਹੇਠ ਨਾਮਜ਼ਦ ਮੁਲਜ਼ਮ ਨੂੰ ਫੜ੍ਹਨ ਲਈ ਪਿੰਡ ਠੱਠਾ ਆਈ ਪੁਲਿਸ ਪਾਰਟੀ ਨਾਲ ਬਦਸਲੂਕੀ ਕਰਨ ਅਤੇ ਟਰੈਕਟਰ ਲਾ ਕੇ ਪੁਲਿਸ ਦਾ ਰਸਤਾ ਰੋਕਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੇ ਚਲਦਿਆਂ ਦੋਹਰੇ ਕਤਲ ਦਾ ਮੁਲਜ਼ਮ ਮੌਕੇ ਤੋਂ ਫਰਾਰ ਹੋਣ ‘ਚ ਸਫਲ ਹੋ ਗਿਆ। ਹਾਲਾਂਕਿ ਪੁਲਿਸ ਨੇ ਥਾਣਾ ਸਰਹਾਲੀ ‘ਚ ਡੇਢ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ, ਜਿਨ੍ਹਾ ਵਿਚ ਕਾਂਗਰਸੀ ਸਰਪੰਚ ਦਾ ਮੁੰਡਾ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।
ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪਿੰਡ ਨਾਗੋਕੇ ‘ਚ ਚਾਚੇ ਭਤੀਜੇ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਗੁਰਚੇਤ ਸਿੰਘ ਚੇਤੀ ਪੁੱਤਰ ਸੁਰਿੰਦਰ ਸਿੰਘ ਵਾਸੀ ਗਗੜੇਵਾਲ ਦੇ ਪਿੰਡ ਠੱਠਾ ਦੇ ਇਕ ਘਰ ਲੁਕੇ ਹੋਣ ਦੀ ਸੂਚਨਾ ਥਾਣਾ ਵੈਰੋਂਵਾਲ ਦੀ ਪੁਲਿਸ ਨੂੰ ਲੱਗੀ ਸੀ। ਉਕਤ ਜਗ੍ਹਾ ਤੋਂ ਚੇਤੀ ਨੂੰ ਗਿ੍ਫ਼ਤਾਰ ਕਰਨ ਲਈ ਥਾਣਾ ਵੈਰੋਂਵਾਲ ਦੇ ਮੁਖੀ ਪੀਪੀਐੱਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪੁਲਿਸ ਟੀਮ ਜਦੋਂ ਪਿੰਡ ਠੱਠਾ ਪਹੁੰਚੀ ਤਾਂ ਦੂਸਰੇ ਪਿੰਡ ਦਦੇਹਰ ਸਾਹਿਬ ਦੇ ਮੌਜੂਦਾ ਕਾਂਗਰਸੀ ਸਰਪੰਚ ਦੇ ਪੁੱਤਰ ਵੱਲੋਂ ਕਥਿਤ ਤੌਰ ‘ਤੇ ਆਪਣੇ ਸਾਥੀਆਂ ਸਮੇਤ ਪੁਲਿਸ ਦੇ ਰਸਤੇ ਵਿਚ ਟਰੈਕਟਰ ਖੜ੍ਹਾ ਕਰ ਦਿੱਤਾ ਅਤੇ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ। ਇਸੇ ਦੌਰਾਨ ਕਤਲ ਦਾ ਮੁਲਜ਼ਮ ਚੇਤੀ ਕੰਧ ਟੱਪ ਕੇ ਝੋਨੇ ਦੇ ਖੇਤਾਂ ਵਿਚ ਦੀ ਫਰਾਰ ਹੋ ਗਿਆ। ਵੈਰੋਂਵਾਲ ਥਾਣੇ ਤੋਂ ਆਈ ਪੁਲਿਸ ਦੀ ਸ਼ਿਕਾਇਤ ‘ਤੇ ਥਾਣਾ ਸਰਹਾਲੀ ‘ਚ ਅੰਮਿ੍ਤਪਾਲ ਸਿੰਘ ਪੁੱਤਰ ਜੱਸਾ ਸਿੰਘ, ਜਸਦੀਪ ਸਿੰਘ, ਜੱਸਾ ਸਿੰਘ, ਅਵਤਾਰ ਸਿੰਘ ਤੇ ਭੁਪਿੰਦਰ ਸਿੰਘ ਵਾਸੀ ਦਦੇਹਰ ਸਾਹਿਬ ਤੋਂ ਇਲਾਵਾ ਯਾਦਵਿੰਦਰ ਸਿੰਘ ਵਾਸੀ ਪਨਗੋਟਾ ਸਮੇਤ 8-10 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿਚ ਥਾਣਾ ਵੈਰੋਂਵਾਲ ਦੀ ਪੁਲਿਸ ਨੂੰ ਕਾਨੂੰਨੀ ਕਾਰਵਾਈ ਕਰਨ ਤੋਂ ਰੋਕਣ ਲਈ ਸੱਤਾਧਾਰੀ ਆਗੂ ਦੇ ਪੀਏ ਸਮੇਤ ਸਬ ਡਵੀਜ਼ਨ ਪੱਧਰ ਦੇ ਪੁਲਿਸ ਅਧਿਕਾਰੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਵੈਰੋਂਵਾਲ ਦੇ ਥਣਾ ਮੁਖੀ ਕਾਰਵਾਈ ‘ਤੇ ਬਜਿੱਦ ਰਹੇ ਜਿਸ ਤੋਂ ਬਾਅਦ ਇਹ ਮੁਕੱਦਮਾਂ ਦਰਜ ਕੀਤਾ ਗਿਆ।
