ਜੇਐੱਨਐੱਨ, ਲੁਧਿਆਣਾ : ਢੋਲੇਵਾਲ ਦੇ ਪ੍ਰਭਾਤ ਨਗਰ ਸਥਿਤ ਵਿਹੜੇ ਵਿਚ ਰਹਿਣ ਵਾਲੇ ਮਜ਼ਦੂਰ ਨੌਜਵਾਨ ਨੇ ਸ਼ੱਕੀ ਹਾਲਾਤ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਐਤਵਾਰ ਸਵੇਰੇ ਉਸ ਦੀ ਲਾਸ਼ ਵਿਹੜੇ ਦੀਆਂ ਪੌੜੀਆਂ ਦੇ ਉਪਰ ਜਾ ਰਹੀ ਪਾਣੀ ਦੀ ਪਾਈਪ ਤੋਂ ਰੱਸੀ ਸਹਾਰੇ ਝੂਲਦੇ ਹੋਏ ਮਿਲੀ। ਇਤਲਾਹ ਮਿਲਣ ‘ਤੇ ਪੁੱਜੀ ਥਾਣਾ ਡਵੀਜ਼ਨ ਨੰ. 6 ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਖ਼ਾਨਾ ਵਿਚ ਰਖਾ ਦਿੱਤੀ ਹੈ। ਪੋਸਟਮਾਰਟਮ ਸੋਮਵਾਰ ਨੂੰ ਕੀਤਾ ਜਾਵੇਗਾ।
ਹੌਲਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਮਰਨ ਵਾਲੇ ਦੀ ਪਛਾਣ ਪ੍ਰਭਾਤ ਨਗਰ ਵਾਸੀ ਰਾਹੁਲ ਮਿਸ਼ਰਾ ਵਜੋਂ ਹੋਈ ਹੈ। ਮਰਹੂਮ ਨੌਜਵਾਨ ਕਿਸੇ ਕਾਰਖ਼ਾਨੇ ਵਿਚ ਕਿਰਤ ਕਰਦਾ ਸੀ। ਪੁਲਿਸ ਨੇ ਮਰਹੂਮ ਦੇ ਭਰਾ ਰਾਮ ਪ੍ਰਕਾਸ਼ ਦੇ ਬਿਆਨਾਂ ‘ਤੇ 174 ਤਹਿਤ ਕਾਰਵਾਈ ਕੀਤੀ ਹੈ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਰਾਹੁਲ ਦਿਮਾਗ਼ੀ ਪੱਖੋਂ ਪਰੇਸ਼ਾਨ ਸੀ। ਕਿਸੇ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦਾ ਸੀ। ਸ਼ਨਿਚਰਵਾਰ ਰਾਤ ਕਿਸੇ ਸਮੇਂ ਉਸ ਨੇ ਚੁੰਨੀ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਸੇ ਵਿਹੜੇ ਵਿਚ ਰਹਿੰਦੇ ਮੋਨੂੰ ਕੁਮਾਰ ਨੇ ਲਾਸ਼ ਵੇਖ ਕੇ ਰਾਮ ਨੂੰ ਫੋਨ ਕਰ ਕੇ ਇਤਲਾਹ ਕੀਤੀ ਸੀ।
