ਜੇਐੱਨਐੱਨ, ਲੁਧਿਆਣਾ : ਪਰਿਵਾਰਕ ਕਲੇਸ਼ ਕਾਰਨ ਜੋੜੇ ਨੇ ਸ਼ਨਿਚਰਵਾਰ ਰਾਤ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਐਤਵਾਰ ਸਵੇਰੇ ਦੋਵਾਂ ਦੀਆਂ ਲਾਸ਼ਾਂ ਕਮਰੇ ਵਿਚ ਝੂਲਦੀਆਂ ਹੋਈਆਂ ਮਿਲੀਆਂ। ਇਤਲਾਹ ਮਿਲਣ ‘ਤੇ ਪੁੱਜੀ ਥਾਣਾ ਮਿਹਰਬਾਨ ਦੀ ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾਇਆ ਤੇ ਕਾਰਵਾਈ ਪੂਰੀ ਕਰਨ ਮਗਰੋਂ ਪਰਿਵਾਰ ਹਵਾਲੇ ਕਰ ਦਿੱਤੀਆਂ।
ਏਐੱਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਛਾਣ ਪਿੰਡ ਬਾਜੜਾ ਦੀ ਭਗਵੰਤ ਵਿਹਾਰ ਕਾਲੋਨੀ ਵਾਸੀ ਰੀਤਾ (22) ਤੇ ਅਖਿਲੇਸ਼ (30) ਵਜੋਂ ਹੋਈ ਹੈ। ਪੁਲਿਸ ਨੇ ਰੀਤਾ ਦੇ ਚਾਚੇ ਦੇ ਪੁੱਤਰ ਰਾਮ ਅਧਾਰ ਦੇ ਬਿਆਨਾਂ ‘ਤੇ 174 ਤਹਿਤ ਕਾਰਵਾਈ ਕੀਤੀ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ ਇਹ ਲੋਕ ਯੂਪੀ ਦੇ ਜ਼ਿਲ੍ਹਾ ਹਰਦੋਈ ਦੇ ਪਿੰਡ ਰੋਹਿਣੀ ਬੇਹੜਾ ਗੋਕੁਲ ਦੇ ਵਸਨੀਕ ਸਨ। ਰੀਤਾ ਤੇ ਅਖਿਲੇਸ਼ ਨੇ ਕਰੀਬ 5 ਮਹੀਨੇ ਪਹਿਲਾਂ ਵਿਆਹ ਕੀਤਾ ਸੀ। ਦੋਵਾਂ ਦਾ ਇਹ ਦੂਜਾ ਵਿਆਹ ਸੀ। ਅਖਿਲੇਸ਼ ਕਾਰਖ਼ਾਨੇ ਵਿਚ ਮਜ਼ਦੂਰੀ ਕਰਦਾ ਸੀ।
ਸ਼ਰਾਬ ਪੀਣ ਨੂੰ ਲੈ ਕੇ ਪਤਨੀ ਨਾਲ ਉਸ ਦਾ ਝਗੜਾ ਹੁੰਦਾ ਰਹਿੰਦਾ ਸੀ। ਸ਼ਨਿਚਰਵਾਰ 9 ਵਜੇ ਦੋਵਾਂ ਵਿਚਾਲੇ ਝਗੜਾ ਹੋਇਆ। ਉਸ ਮਗਰੋਂ ਸਭ ਸ਼ਾਂਤ ਹੋ ਗਿਆ। ਰਾਤ ਨੂੰ ਕਿਸੇ ਸਮੇਂ ਦੋਵਾਂ ਨੇ ਇੱਕੋ ਪੱਖੇ ਨਾਲ ਚੁੰਨੀਆਂ ਦੇ ਸਹਾਰੇ ਫਾਹਾ ਲਾਇਆ ਤੇ ਝੂਲ ਗਏ। ਸਵੇਰੇ ਕਾਰਖ਼ਾਨੇ ਵਿਚ ਕੰਮ ‘ਤੇ ਜਾਣ ਤੋਂ ਪਹਿਲਾਂ ਰਾਮ ਅਧਾਰ ਇਨ੍ਹਾਂ ਦੇ ਕਮਰੇ ਵਿਚ ਆਇਆ ਤਾਂ ਉਸ ਨੇ ਦੋਵੇਂ ਲਾਸ਼ਾਂ ਵੇਖ ਕੇ ਪੁਲਿਸ ਨੂੰ ਇਤਲਾਹ ਕੀਤੀ। ਅਧਾਰ ਨੇ ਗੁਆਂਢ ਵਿਚ ਰਹਿੰਦੀ ਰੀਤਾ ਦੀ ਭੈਣ ਰਚਨਾ ਨੂੰ ਘਟਨਾ ਬਾਰੇ ਦੱਸਿਆ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਕਾਰਵਾਈ ਕੀਤੀ ਹੈ।
