ਤਰਨਤਾਰਨ : ਤਰਨਤਾਰਨ ਵਿਖੇ ਅੱਜ ਤਡ਼ਕਸਾਰ ਮੁੱਖ ਮਾਰਗ ’ਤੇ ਇਕ ਮਲਟੀ ਸਟੋਰ ਨੂੰ ਅੱਗ ਗਈ, ਜਿਸ ਨਾਲ ਕਰੋਡ਼ਾਂ ਦਾ ਨੁਕਸਾਨ ਹੋ ਗਿਆ। ਅੰਮ੍ਰਿਤਸਰ, ਤਰਨਤਾਰਨ ਤੇ ਪੱਟੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਸ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਬਚਾਅ ਕਾਰਜ ਵਿਚ ਲੱਗੀਆਂ ਹੋਈਆਂ ਹਨ। ਮੌਕੇ ‘ਤੇ ਬਰਜਿੰਦਰ ਸਿੰਘ ਡੀ ਐਸ ਪੀ ਤਰਨਤਾਰਨ ਸਿਟੀ ਦੀ ਅਗਵਾਈ ਹੇਠ ਥਾਣਾ ਸਿਟੀ ਤਰਨਤਾਰਨ ਤੋਂ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਵਾਸਤੇ ਤਰਨਤਾਰਨ ਦੇ ਵਿਧਾਇਕ ਡਾ ਧਰਮਵੀਰ ਅਗਨੀਹੋਤਰੀ ਦੇ ਸਪੁੱਤਰ ਡਾ ਸੰਦੀਪ ਅਗਨੀਹੋਤਰੀ ਪਹੁੰਚੇ। ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ, ਸਾਬਕਾ ਸੰਸਦੀ ਸਕੱਤਰ ਹਰਮੀਤ ਸਿੰਘ ਸੰਧੂ ਦੇ ਭਰਾ ਰਾਜਬੀਰ ਸਿੰਘ ਸੰਧੂ ਵੀ ਪਹੁੰਚੇ।
ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 5 ਵਜੇ ਦੇ ਕਰੀਬ ਉਥੇ ਸਥਿਤ ਚੌਕੀਦਾਰ ਨੇ ਦੇਖਿਆ ਕਿ ਅੰਦਰੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਸ ਨੇ ਤੁੰਰਤ ਮਾਲਕਾਂ ਨੂੰ ਦੱਸਿਆ ਕਿ ਸਟੋੋਰ ’ਚ ਅੱਗ ਲੱਗ ਗਈ ਹੈ। ਫੌਰੀ ਤੌਰ ’ਤੇ ਤਰਨਤਾਰਨ ਦੀ ਇਕ ਫਾਇਰ ਬ੍ਰਿਗੇਡ ਗੱਡੀ ਆਈ ਤੇ ਉਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਪਰ ਕੁਝ ਹੀ ਸਮੇਂ ਵਿਚ ਅੱਗ ਨੇ ਏਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਬੇਕਾਬੂ ਹੋ ਗਈ। ਇਸ ਤੋਂ ਬਾਅਦ ਪੱਟੀ ਤੇ ਅੰਮ੍ਰਿਤਸਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਈਆਂ ਤੇ ਬਚਾਅ ਕਾਰਜ ਵਿਚ ਡੱਟ ਗਈਆਂ।

ਇਸ ਬਹੁਮੰਜ਼ਲੀ ਇਮਾਰਤ ਪੂਰੀ ਤਰ੍ਹਾਂ ਸਡ਼ ਕੇ ਸੁਆਹ ਹੋ ਗਈ ਹੈ। ਪਰ ਜਾਨੀ ਨੁਕਸਾਨ ਦਾ ਬਚਾਅ ਦੱਸਿਆ ਜਾ ਰਿਹਾ ਹੈ। ਮਲਟੀ ਸਟੋਰ ਦਾ ਸਾਰਾ ਸਮਾਨ ਸਡ਼ ਕੇ ਸੁਆਹ ਹੋ ਗਿਆ ਹੈ, ਜਿਸ ਕਾਰਨ ਕਰੋਡ਼ਾਂ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।
ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਮੰਨਿਆ ਜਾ ਰਿਹਾ ਹੈ ਪਰ ਅਜੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ।

