ਲੁਧਿਆਣਾ : ਤਿੰਨ ਦਿਨ ਪਹਿਲੋਂ ਭੇਤਭਰੇ ਹਾਲਾਤ ‘ਚ ਸਕੂਲ ਦੇ ਬਾਹਰੋਂ ਲਾਪਤਾ ਹੋਏ ਗਿਆਰ੍ਹਵੀਂ ਦੇ ਵਿਦਿਆਰਥੀ ਬਲਜੀਤ ਸਿੰਘ (17) ਦੀ ਲਾਸ਼ ਸਾਊਥ ਸਿਟੀ ਰੋਡ ਤੇ ਪੈਂਦੀ ਨਹਿਰ ਚੋਂ ਬਰਾਮਦ ਹੋ ਗਈ ਹੈ। ਇਸ ਮਾਮਲੇ ‘ਚ ਥਾਣਾ ਪੀਏਯੂ ਦੀ ਪੁਲਿਸ ਨੇ ਲਾਸ਼ ਨੂੰ ਮੋਰਚਰੀ ‘ਚ ਰਖਵਾ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਕਮਲਦੀਪ ਸਿੰਘ ਸੇਖੋਂ ਦਾ ਕਹਿਣਾ ਹੈ ਕਿ ਐਤਵਾਰ ਸਵੇਰੇ ਲਾਸ਼ ਦੇ ਪੋਸਟਮਾਰਟਮ ਤੋਂ ਬਾਅਦ ਮਾਮਲੇ ਦੇ ਕਈ ਤੱਥ ਸਾਹਮਣੇ ਆਉਣਗੇ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਪੀਏਯੂ ਦੀ ਪੁਲਿਸ ਨੇ ਬਲਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੌਰਚਰੀ ਵਿਚ ਰਖਵਾ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਅਤੇ ਤਫਤੀਸ਼ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਕਰੇਗੀ। ਗੁਰਸਿੱਖ ਪਰਿਵਾਰ ਦਾ ਬੱਚਾ ਬਲਜੀਤ ਸਿੰਘ ਬੇਹੱਦ ਗੁਣੀ ਸੀ। ਦੋ ਭੈਣਾਂ ਦਾ ਇਕੱਲਾ ਭਰਾ ਬਲਜੀਤ ਤਬਲੇ ਦੀ ਟਰੇਨਿੰਗ ਲੈ ਰਿਹਾ ਸੀ। ਬਲਜੀਤ ਸਿੰਘ ਦੇ ਰਿਸ਼ਤੇਦਾਰ ਮਨਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਹਸਮੁਖ ਬੱਚਾ ਸੀ, ਖ਼ੁਦਕੁਸ਼ੀ ਕਰਨ ਦੀ ਗੱਲ ਤਾਂ ਉਸ ਦੇ ਜ਼ਿਹਨ ਵਿਚ ਵੀ ਨਹੀਂ ਆ ਸਕਦੀ।

ਇੰਜ ਹੋਇਆ ਸੀ ਵਿਦਿਆਰਥੀ ਲਾਪਤਾ
ਪੀਏਯੂ ਦੇ ਸੀਨੀਅਰ ਸੈਕੰਡਰੀ ਸਕੂਲ ‘ਚ ਪੜ੍ਹਨ ਵਾਲੇ ਗਿਆਰ੍ਹਵੀਂ ਦੇ ਵਿਦਿਆਰਥੀ ਸ਼ਿਮਲਾਪੁਰੀ ਵਾਸੀ ਬਲਜੀਤ ਸਿੰਘ ਦੇ ਰਿਸ਼ਤੇਦਾਰ ਮਨਮੀਤ ਸਿੰਘ ਨੇ ਦੱਸਿਆ ਕਿ 16 ਨਵੰਬਰ ਨੂੰ ਹਰ ਰੋਜ਼ ਵਾਂਗ ਬਲਜੀਤ ਸਿੰਘ ਸਕੂਲ ਗਿਆ ਪਰ ਵਾਪਸ ਨਾ ਪਰਤਿਆ। ਰਾਤ ਵੇਲੇ ਜਦ ਪਰਿਵਾਰਕ ਮੈਂਬਰਾਂ ਨੇ ਉਸ ਦੇ ਅਧਿਆਪਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਸੰਤੋਸ਼ਜਨਕ ਜਵਾਬ ਨਾ ਦਿੱਤਾ। ਅਧਿਆਪਕਾਂ ਨੇ ਪਹਿਲਾਂ ਆਖਿਆ ਕਿ ਬਲਜੀਤ ਸਿੰਘ ਦੀ ਗੱਲ ਤਬਲੇ ਦੇ ਸਬੰਧ ਵਿਚ ਆਪਣੀ ਕਿਸੇ ਸਹਿਪਾਠਣ ਨਾਲ ਹੋਈ ਸੀ। ਬਾਅਦ ‘ਚ ਉਨ੍ਹਾਂ ਨੇ ਇਹ ਵੀ ਆਖਿਆ ਕਿ ਬੱਚਾ ਸਕੂਲ ਵਿੱਚ ਹੀ ਆਪਣਾ ਬੈਗ ਭੁੱਲ ਕੇ ਸ਼ਾਮ ਪੰਜ ਵਜੇ ਦੇ ਕਰੀਬ ਚਲਾ ਗਿਆ ਸੀ। ਰਾਤ ਵੇਲੇ ਬੱਚੇ ਦਾ ਮੋਟਰਸਾਈਕਲ ਫਿਰੋਜ਼ਪੁਰ ਰੋਡ ਤੇ ਪੈਂਦੀ ਨਹਿਰ ਦੇ ਕੰਢਿਓਂ ਬਰਾਮਦ ਕੀਤਾ ਗਿਆ। ਬਲਜੀਤ ਸਿੰਘ ਦਾ ਮੋਬਾਇਲ ਫੋਨ ਵੀ ਮੋਟਰਸਾਈਕਲ ਦੇ ਉੱਪਰ ਹੀ ਪਿਆ ਸੀ। ਇਸ ਮਾਮਲੇ ‘ਚ ਥਾਣਾ ਪੀਏਯੂ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ।
