ਜਲੰਧਰ : ਸਰਕਾਰੀ ਬੱਸਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ (Sant Jarnail Singh Bhindranwale) ਦੀਆਂ ਤਸਵੀਰਾਂ ਹਟਾਉਣ ਦਾ ਦਿੱਤਾ ਹੁਕਮ ਪੰਜਾਬ ਸਰਕਾਰ (Punjab Govt) ਵੱਲੋਂ ਵਾਪਸ ਲੈ ਲਿਆ ਹੈ। ਦਰਅਸਲ ਪਿਛਲੇ ਦਿਨੀਂ ਦਲ ਖਾਲਸਾ ਨਾਲ ਜੁਡ਼ੇ ਸੈਂਕਡ਼ੇ ਨੌਜਵਾਨਾਂ ਨੇ ਜਲੰਧਰ ’ਚ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਤੇ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਉਤਾਰਨ ਦੇ ਵਿਰੋਧ ’ਚ ਰੋਸ ਮਾਰਚ ਕਰ ਕੇ PRTC ਨੂੰ ਇਹ ਹੁਕਮ ਮੰਗਲਵਾਰ ਤਕ ਵਾਪਸ ਲੈਣ ਦੀ ਚਿਤਾਵਨੀ ਦਿੱਤੀ ਸੀ।
ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਦੇ ਦਬਾਅ ਨੂੰ ਦੇਖਦਿਆਂ ਪੀਆਰਟੀਸੀ ਨੇ ਸਰਕਾਰੀ ਬੱਸਾਂ ਤੋਂ ਜਰਨੈਲ ਸਿੰਘ ਭਿੰਡਰਾਵਾਲਾ ਤੇ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਤਸਵੀਰਾਂ ਹਟਾਉਣ ਦੇ ਆਪਣੇ ਪੁਰਾਣੇ ਹੁਕਮ ਵਾਪਸ ਲੈ ਲਏ ਹਨ। ਪਾਰਟੀ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਦੱਸਿਆ ਕਿ ਬਠਿੰਡਾ ਜ਼ੋਨ ਵੱਲੋਂ ਮਿਲੇ ਪੱਤਰ ’ਚ ਪੀਆਰਟੀਸੀ ਨੇ ਸਵੀਕਾਰ ਕੀਤਾ ਹੈ ਕਿ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਹਟਾਉਣ ਦੇ ਉਨ੍ਹਾਂ ਦੇ ਪਿਛਲੇ ਹੁਕਮਾਂ ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਰੱਖੇ ਕਿ ਕੋਈ ਵੀ ਅਜਿਹਾ ਨੋਟਿਸ ਜਾਰੀ ਨਾ ਕੀਤਾ ਜਾਵੇ, ਜਿਸ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੋਵੇ।

