ਲੁਧਿਆਣਾ : ਬੂਥ ਦੇ ਰਹਿੰਦੇ ਪੈਸਿਆਂ ਦੀ ਵਨ ਟਾਈਮ ਸੈਟਲਮੈਂਟ ਦੇ ਇਵਜ਼ ’ਚ 10 ਹਜ਼ਾਰ ਰੁਪੇ ਰਿਸ਼ਵਤ ਲੈਣ ਦੇ ਮਾਮਲੇ ’ਚ ਪੁਲਿਸ ਨੇ ਇਕ ਕਲਰਕ ਤੇ ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਪਹਿਲਾਂ ਫਡ਼ੀ ਗਈ ਈਓ ਕੁਲਜੀਤ ਕੌਰ ਸਣੇ ਚਾਰੋਂ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਇਸ ਮਾਮਲੇ ’ਚ ਟਰੱਸਟ ਦੇ ਕਈ ਵੱਡੇ ਮਗਰਮੱਛਾਂ ਤਕ ਪਹੁੰਚਣਾ ਚਾਹੁੰਦੀ ਹੈ। ਇਸ ਸੰਬਧੀ ਪੁਲਿਸ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਦੀ ਈਓਡਬਲਯੂ ਵਿੰਗ ਨੇ ਸਤਨਾਮ ਸਿੰਘ ਨਾਮੀ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਕਲਰਕ ਹਰਮੀਤ ਸਿੰਘ ਤੇ ਈਓ ਕੁਲਜੀਤ ਕੌਰ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਕਲਰਕ ਪ੍ਰਵੀਨ ਕੁਮਾਰ ਤੇ ਨੰਬਰਦਾਰ ਗੁਰਮੇਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਚਾਰਾਂ ਕੋਲੋਂ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਵੱਖੋ-ਵੱਖਰੇ ਤੌਰ ’ਤੇ ਪੁੱਛਗਿੱਛ ਕਰ ਰਹੇ ਹਨ। ਦਰਅਸਲ ਸੂਚਨਾ ਇਹ ਹੈ ਕਿ ਈਓ ਸਣੇ ਦੂਸਰੇ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਕੋਲ ਰਿਸ਼ਵਤ ਲੈਣ ਤੇ ਮੰਗਣ ਦੀਆਂ ਕੁਝ ਸ਼ਿਕਾਇਤਾਂ ਵੀ ਹਨ। ਇਨ੍ਹਾਂ ਦੀ ਵੀ ਜਾਂਚ ਚੱਲ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਈਓ ਕੇਵਲ ਇਕ ਮੋਹਰਾ ਹੈ, ਜਦਕਿ ਇੰਪਰੂਵਮੈਂਟ ਟਰੱਸਟ ’ਚ ਰਿਸ਼ਵਤ ਤੇ ਪੈਸੇ ਦੇ ਲੈਣ-ਦੇਣ ਦਾ ਖੇਡ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਇਸ ਦੀ ਜਾਂਚ ਵੀ ਵਿਜੀਲੈਂਸ ਵੱਲੋਂ ਕੀਤੀ ਜਾ ਰਹੀ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਦਰਅਸਲ ਇੰਪਰੂਵਮੈਂਟ ਟਰੱਸਟ ’ਚ ਪੈਸੇ ਦੇ ਲੈਣ-ਦੇਣ ਦੇ ਪਿੱਛੇ ਪਿਛਲੀ ਸਰਕਾਰ ਦਾ ਇਕ ਵੱਡਾ ਆਗੂ ਵੀ ਹੈ ਤੇ ਵਿਜੀਲੈਂਸ ਉਸ ਤਕ ਪਹੁੰਚਣ ਦਾ ਯਤਨ ਕਰ ਰਹੀ ਹੈ।
