ਅੰਮ੍ਰਿਤਸਰ : ਕੈਨੇਡਾ ਦੇ ਸਰੀ ’ਚ ਉੱਘੇ ਤੇ ਧਨਾਢ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੀ ਉਨ੍ਹਾਂ ਦੇ ਵੇਅਰ ਹਾਊਸ ਦੇ ਬਾਹਰ ਵੀਰਵਾਰ ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪਰ ਇਹ ਹੱਤਿਆ ਕਿਉਂ ਕੀਤੀ ਗਈ ਇਸ ਪਿੱਛੇ ਕਿਹਡ਼ੇ ਲੋਕ ਸਨ ਇਹ ਅਜੇ ਵੀ ਬੁਝਾਰਤ ਹੈ। ਕੈਨੇਡਾ ਦੀਆਂ ਪ੍ਰਮੁੱਖ ਏਜੰਸੀਆਂ ਇਸੇ ਬੁਝਾਰਤ ਨੂੰ ਸੁਲਝਾਉਣ ਲਈ ਸਰਗਰਮ ਹੋ ਗਈਆਂ ਹਨ। ਏਜੰਸੀਆਂ ਪਤਾ ਲਗਾ ਰਹੀਆਂ ਹਨ ਕਿ ਮਲਿਕ ਦੇ ਕਤਲ ਦਾ ਕੀ ਮੰਤਵ ਹੈ? ਕਤਲ ਪਿੱਛੇ ਕਿਹਡ਼ੇ ਲੋਕ ਹਨ? ਇਨ੍ਹਾਂ ’ਚ ਹੀ ਇਕ ਸਵਾਲ ਇਹ ਵੀ ਹੈ ਕਿ ਕਿਤੇ ਇਸ ਕਤਲ ਪਿੱਛੇ ਮਲਿਕ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਕੀਤੀ ਤਾਰੀਫ਼ ਤਾਂ ਨਹੀਂ ਸੀ।
ਇਹ ਘਟਨਾ ਸਰੀ ’ਚ ਕੈਨੇਡੀਅਨ ਸਮੇਂ ਮੁਤਾਬਕ ਵੀਰਵਾਰ ਸਵੇਰੇ 9.26 ਵਜੇ ਵਾਪਰੀ ਜਦੋਂ ਮਲਿਕ ਆਪਣੇ ਵੇਅਰ ਹਾਊਸ ਪੁੱਜੇ ਸਨ। ਮੁੱਢਲੀ ਸੂਚਨਾ ਅਨੁਸਾਰ ਹਮਲਾਵਰ ਇਕ ਕਾਰ ’ਚ ਆਏ ਸਨ। ਕਾਰ ਕੁਝ ਦੂਰੀ ’ਤੇ ਪਾਰਕ ਕਰ ਕੇ ਉਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਿਰ ਬਾਈਕ ’ਤੇ ਸਵਾਰ ਹੋ ਕੇ ਨਿਕਲ ਗਏ। ਘਟਨਾ ਵਾਲੀ ਥਾਂ ਨੇਡ਼ੇ ਇਕ ਕਾਰ ਨੂੰ ਅੱਗ ਵੀ ਲਗਾਈ ਗਈ। ਇਹ ਅੱਗ ਏਨੀ ਜ਼ਬਰਦਸਤ ਸੀ ਕਿ ਇਸ ’ਚ ਕਾਰ ਪੂਰੀ ਤਰ੍ਹਾਂ ਸਡ਼ ਕੇ ਸੁਆਹ ਹੋ ਗਈ ਤੇ ਇਸ ਦਾ ਕੇਵਲ ਢਾਂਚਾ ਹੀ ਬਚਿਆ। ਸਮਝਿਆ ਜਾਂਦਾ ਹੈ ਕਿ ਇਹ ਉਹੀ ਕਾਰ ਹੋਵੇਗੀ ਜਿਸ ’ਚ ਹਮਲਾਵਰ ਆਏ ਸਨ। ਮੌਕੇ ਦੇ ਗਵਾਹਾਂ ਅਨੁਸਾਰ ਹਮਲਾਵਰਾਂ ਵੱਲੋਂ ਗੋਲ਼ੀਆਂ ਚਲਾਈਆਂ ਗਈਆਂ ਤੇ ਇਕ ਗੋਲ਼ੀ ਮਲਿਕ ਦੇ ਗਲੇ ’ਤੇ ਲੱਗੀ। ਕੈਨੇਡਾ ਦੇ ਇਤਿਹਾਸਕ ’ਚ ਹੋਣ ਵਾਲੀਆਂ ਵੱਡੀਆਂ ਟਾਰਗੇਟਡ ਕਿਲਿੰਗ ’ਚੋਂ ਇਸ ਨੂੰ ਇਕ ਮੰਨਿਆ ਜਾ ਰਿਹਾ ਹੈ। ਇਸ ਕਤਲ ਦੀ ਪਡ਼ਤਾਲ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ।
ਧਨਾਢ ਸਿੱਖ ਆਗੂ ਸਨ ਮਲਿਕ
ਕੈਨੇਡਾ ’ਚ ਖ਼ਾਲਸਾ ਸਕੂਲਾਂ ਦੇ ਮੁਖੀ, ਖ਼ਾਲਸਾ ਕ੍ਰੈਡਿਟ ਯੂਨੀਅਨ ਤੇ ਸਤਨਾਮ ਟਰੱਸਟ ਦੇ ਸੰਸਥਾਪਕ ਤੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਚਲਾਉਣ ਵਾਲੇ 75 ਸਾਲਾ ਰਿਪੁਦਮਨ ਮਲਿਕ ਇਕ ਧਨਾਢ ਕਾਰੋਬਾਰੀ ਸਨ। ਪਰ ਉਨ੍ਹਾਂ ਨੂੰ ਇਕ ਚੰਗੇ ਸਿੱਖ ਵੱਜੋ ਜਾਣਿਆ ਜਾਂਦਾ ਸੀ। ਉਹ ਦੱਖਣੀ ਸਰੀ ’ਚ ਕਰੀਸੈਂਟ ਰੋਡ ’ਤੇ ਰਹਿ ਰਹੇ ਸਨ ਜਿਸ ਦੀ ਅਨੁਮਾਨਿਤ ਕੀਮਤ ਲਗਪਗ 6.8 ਮਿਲੀਅਨ ਡਾਲਰ ਦੱਸੀ ਜਾਂਦੀ ਹੈ। ਉਨ੍ਹਾਂ ਦੇ ਪਰਿਵਾਰ ’ਚ ਇਸ ਵੇਲੇ ਪਤਨੀ ਰਮਿੰਦਰ ਕੌਰ ਤੇ ਪੰਜ ਬੱਚੇ ਹਨ।
ਕਈ ਵਾਰ ਵਿਵਾਦਾਂ ’ਚ ਘਿਰੇ
ਹਵਾਈ ਜਹਾਜ਼ ਬੰਬ ਧਮਾਕਾ : ਰਿਪੂਦਮਨ ਸਿੰਘ ਮਲਿਕ ਨੂੰ 23 ਜੂਨ 1985 ਦੇ ਏਅਰ ਇੰਡੀਆ ਬੰਬ ਧਮਾਕੇ ਵਾਲੀ ਘਟਨਾ ਜਿਸ ਨੂੰ ‘ਕਨਿਸ਼ਕਾ ਬੰਬ ਕਾਂਡ’ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮੁਲਜ਼ਮ ਬਣਾਇਆ ਗਿਆ ਸੀ। ਇਸ ’ਚ ਇੰਦਰਜੀਤ ਸਿੰਘ ਰਿਆਤ ਤੇ ਅਜਾਇਬ ਸਿੰਘ ਬਾਗਡ਼ੀ ਵੀ ਮੁਲਜ਼ਮ ਸਨ। ਸਾਲ 2005 ’ਚ ਕਰੀਬ ਦੋ ਦਹਾਕੇ ਤੱਕ ਚੱਲੀ ਕਾਨੂੰਨੀ ਕਾਰਵਾਈ ਮਗਰੋਂ ਮਲਿਕ ਨੂੰ ਬਰੀ ਕਰ ਦਿੱਤਾ ਗਿਆ। ਕੈਨੇਡਾ ਦੇ ਮੌਂਟਰੀਅਲ ਤੋਂ ਦਿੱਲੀ ਲਈ ਉੱਡੇ ਇਸ ਜਹਾਜ਼ ’ਚ ਹੋਏ ਬੰਬ ਧਮਾਕੇ ’ਚ 331 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ’ਤੇ ਖ਼ਾਲਿਸਤਾਨੀ ਹੋਣ ਦੇ ਦੋਸ਼ ਲੱਗਦੇ ਰਹੇ ਪਰ ਉਹ ਕਹਿੰਦੇ ਸਨ ਕਿ ਨਾ ਤਾਂ ਉਹ ਖ਼ਾਲਿਸਤਾਨੀ ਹਨ ਤੇ ਨਾ ਹੀ ਖ਼ਾਲਿਸਤਾਨ ਸਮਰਥਕ।
ਕਾਲੀ ਸੂਚੀ ’ਚ ਰਹੇ ਸ਼ਾਮਿਲ : ਰਿਪੁਦਮਨ ਸਿੰਘ ਦਾ ਨਾਮ ਵੀ ਭਾਰਤ ਸਰਕਾਰ ਵੱਲੋਂ ਬਣਾਈ ਸਿੱਖਾਂ ਦੀ ਕਾਲੀ ਸੂਚੀ ’ਚ ਸ਼ਾਮਿਲ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਾਲੀ ਸੂਚੀ ਨਾਂ ਕੱਢੇ ਜਾਣ ਤੋਂ ਬਾਅਦ 2019 ’ਚ ਉਹ ਭਾਰਤ ਦੇ ਦੌਰੇ ’ਤੇ ਆਏ ਸਨ।
ਮੋਦੀ ਨੂੰ ਲਿਖਿਆ ਧੰਨਵਾਦੀ ਖ਼ਤ : ਕਿਸੇ ਸਮੇਂ ਖ਼ਾਲਿਸਤਾਨ ਸਮਰਥਕ ਸਿੱਖ ਵਜੋਂ ਜਾਣੇ ਜਾਂਦੇ ਰਿਪੁਦਮਨ ਸਿੰਘ ਇਸ ਸਾਲ ਜਨਵਰੀ ’ਚ ਇਕ ਵਾਰ ਮੁਡ਼ ਚਰਚਾ ’ਚ ਆਏ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਉਨ੍ਹਾਂ ਦੀ ਤਾਰੀਫ਼ ਕੀਤੀ ਤੇ ਉਨ੍ਹਾਂ ਦੀ ਸਰਕਾਰ ਨੇ ਸਿੱਖ ਕੌਮ ਲਈ ਚੁੱਕੇ ਗਏ ਕਦਮਾਂ ਵਾਸਤੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਰਵਾਈ ਪ੍ਰਕਾਸ਼ਨਾ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਗ਼ੈਰ ਕੋਈ ਵੀ ਸੰਸਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਨਹੀਂ ਕਰ ਸਕਦੀ। ਪਰ ਰਿਪੁਦਮਨ ਸਿੰਘ ਮਲਿਕ ਨੇ ਨਿੱਜੀ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ ਕਰਕੇ ਅਨੇਕਾਂ ਸਰੂਪ ਵਿਦੇਸ਼ ’ਚ ਵੰਡੇ। ਪਿਛਲੇ ਸਮੇਂ ਦੌਰਾਨ ਇਸ ਕਾਰਨ ਵੀ ਉਹ ਵਿਵਾਦਾਂ ’ਚ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ’ਤੇ ਉਨ੍ਹਾਂ ਵੱਲੋਂ ਵੱਲੋਂ ਛਪਵਾਏ ਗਏ ਸਰੂਪਾਂ ’ਤੇ ਪਾਬੰਦੀ ਲਗਾ ਦਿੱਤੀ ਗਈ।
