ਚੰਡੀਗਡ਼੍ਹ : GST ਕੌਂਸਲ ਦੀ 47ਵੀਂ ਬੈਠਕ ਇਸ ਵਾਰ ਚੰਡੀਗਡ਼੍ਹ ’ਚ ਹੋਈ ਸੀ। ਕੌਂਸਲ ਦੀ ਬੈਠਕ ਲਈ ਲਏ ਗਏ ਫ਼ੈਸਲੇ ਸੋਮਵਾਰ ਯਾਨੀ 18 ਜੁਲਾਈ ਤੋਂ ਲਾਗੂ ਹੋ ਰਹੇ ਹਨ। ਬੈਠਕ ’ਚ ਕਈ ਵਸਤਾਂ ਤੇ ਸੇਵਾਵਾਂ ’ਤੇ ਜੀਐੱਸਟੀ ਵਧਾਈ ਗਈ ਹੈ, ਜੋਕਿ 18 ਜੁਲਾਈ ਤੋਂ ਲਾਗੂ ਹੋ ਰਹੇ ਹਨ। ਹੁਣ ਗ਼ੈਰ ਬ੍ਰਾਂਡਿਡ ਅਨਾਜ ਤੋਂ ਲੈ ਕੇ ਦਹੀਂ, ਲੱਸੀ ’ਤੇ ਵੀ ਜੀਐੱਸਟੀ ਭਰਨਾ ਪਵੇਗਾ। ਟੈਟ੍ਰਾ ਪੈਕ ਵਾਲੀਆਂ ਵਸਤਾਂ ’ਤੇ ਜੀਐੱਸਟੀ 12 ਤੋਂ 18 ਫ਼ੀਸਦੀ ਦੇਣਾ ਪਵੇਗਾ। 18 ਜੁਲਾਈ ਤੋਂ ਹੁਣ ਹੋਟਲ ’ਚ ਇਕ ਹਜ਼ਾਰ ਰੁਪਏ ਦਾ ਕਮਰਾ ਬੁੱਕ ਕਰਾਉਣ ’ਤੇ 12 ਫ਼ੀਸਦੀ ਜੀਐੱਸਟੀ ਦੇਣਾ ਪਵੇਗਾ। ਉੱਥੇ, ਬੈਂਕ ਤੋਂ ਹੁਣ ਚੈੱਕ ਬੁੱਕ ਲੈਣ ’ਤੇ 18 ਫ਼ੀਸਦੀ ਜੀਐੱਸਟੀ ਲੱਗੇਗਾ। ਇਸੇ ਤਰ੍ਹਾਂ ਈ-ਵੇਸਟ ’ਤੇ ਵੀ ਹੁਣ ਜੀਐੱਸਟੀ ਪੰਜ ਤੋਂ 18 ਫ਼ੀਸਦੀ ਹੋ ਜਾਵੇਗਾ।
ਹਸਪਤਾਲ ’ਚ ਇਲਾਜ ਹੋਵੇਗਾ ਮਹਿੰਗਾ
ਹਸਪਤਾਲ ’ਚ ਹੁਣ ਕੋਈ ਮਰੀਜ਼ ਇਲਾਜ ਦੌਰਾਨ ਪ੍ਰਾਈਵੇਟ ਕਮਰਾ ਲੈਂਦਾ ਹੈ, ਜਿਸ ਦਾ ਕਿਰਾਇਆ ਪੰਜ ਹਜ਼ਾਰ ਰੁਪਏ ਤੋਂ ਵੱਧ ਹੈ। ਉਸ ਹਸਪਤਾਲ ਦੇ ਕਮਰੇ ਦੀ ਬੁਕਿੰਗ ’ਤੇ ਮਰੀਜ਼ ਨੂੰ ਪੰਜ ਫ਼ੀਸਦੀ ਜੀਐੱਸਟੀ ਦੇਣਾ ਪਵੇਗਾ। ਇਲਾਜ ਦੌਰਾਨ ਕੰਮ ਆਉਣ ਵਾਲੇ ਕਈ ਉਪਕਰਨ ਸਸਤੇ ਹੋਣਗੇ। ਇਨ੍ਹਾਂ ’ਚ ਇਲਾਜ ’ਚ ਮਲ-ਮੂਤਰ ਕੱਢਣ ਦੀ ਪ੍ਰਕਿਰਿਆ ’ਚ ਇਸਤੇਮਾਲ ਕੀਤੇ ਜਾਣ ਵਾਲੇ ਉਪਕਰਨਾਂ ’ਤੇ ਜੀਐੱਸਟੀ 12 ਤੋਂ ਘਟਾ ਕੇ ਪੰਜ ਫ਼ੀਸਦੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੱਡੀ ਟੁੱਟਣ ’ਤੇ ਇਲਾਜ ’ਚ ਕੰਮ ਆਉਣ ਵਾਲੇ ਉਪਕਰਨਾਂ ’ਤੇ ਜੀਐੱਸਟੀ 12 ਫ਼ੀਸਦੀ ਕਰ ਦਿੱਤਾ ਗਿਆ ਹੈ। ਮਲੇਰੀਆ ਦੀ ਦਵਾਈ ’ਤੇ ਹੁਣ ਕੋਈ ਆਈਜੀਐੱਸਟੀ ਨਹੀਂ ਲੱਗੇਗਾ। ਰੋਪਵੇ ਤੋਂ ਆਉਣ ਜਾਣ ’ਤੇ ਹੁਣ 18 ਦੀ ਜਗ੍ਹਾ ਪੰਜ ਫ਼ੀਸਦੀ ਜੀਐੱਸਟੀ ਲੱਗੇਗਾ।
ਡਾਇਮੰਡ ਹੋਵੇਗਾ ਮਹਿੰਗਾ
ਡਾਇਮੰਡ ਦੀ ਕਟਿੰਗ ਤੇ ਪਾਲਿਸ਼ ’ਤੇ ਜੀਐੱਸਟੀ 0.25 ਫ਼ੀਸਦੀ ਤੋਂ 1.5 ਫ਼ੀਸਦੀ ਤਕ ਕਰ ਦਿੱਤਾ ਗਿਆ ਹੈ। ਉੱਥੇ, ਸੇਵਾਵਾਂ ਦੀ ਜੇਕਰ ਗੱਲ ਕਰੀਏ ਤਾਂ ਰੋਪ-ਵੇ ਰਾਹੀਂ ਵਸਤੂਆਂ ਤੇ ਯਾਤਰੀਆਂ ਦੀ ਢੁਆਈ ’ਤੇ ਜੀਐੱਸਟੀ 18 ਤੋਂ ਪੰਜ ਫ਼ੀਸਦੀ ਆਈਟੀਸੀ ਨਾਲ ਕਰ ਦਿੱਤਾ ਗਿਆ ਹੈ। ਟਰੱਕ ਮਾਲ ਢੁਆਈ ਦਾ ਕਿਰਾਇਆ ਜਿੱਥੇ ਈਂਧਨ ਦੀ ਲਾਗਤ ਸ਼ਾਮਲ ਹੋਵੇ ਉਸ ਸਥਿਤੀ ’ਚ ਜੀਐੱਸਟੀ 18 ਤੋਂ 12 ਫ਼ੀਸਦੀ ਕਰ ਦਿੱਤਾ ਗਿਆ ਹੈ।
ਇਨ੍ਹਾਂ ਵਸਤਾਂ ਤੇ ਸੇਵਾਵਾਂ ’ਤੇ ਵੀ ਜੀਐੱਸਟੀ ’ਚ ਬਦਲਾਅ
ਕਟਿੰਗ ਬਲੇਡ ਵਾਲੀ ਛੁਰੀ, ਚਮਚ, ਫੋਰਕ, ਸਕਿਮਰਜ਼, ਕੇਕ ਸਰਵਰ, ਐੱਲਈਡੀ ਲੈਂਪ, ਲਾਈਟ, ਸਰਕਟ ਬੋਰਡ, ਵੱਖ-ਵੱਖ ਤਰ੍ਹਾਂ ਦੇ ਪੰਪ, ਪੌਣ ਚੱਕੀ, ਸੋਲਰ ਵਾਟਰ ਹੀਟਰ, ਸਬਜ਼ੀ ਫਲ, ਦੁੱਧ ਦੀ ਸਾਫ਼ ਸਫ਼ਾਈ ਨਾਲ ਜੁਡ਼ੀ ਮਸ਼ੀਨ ’ਤੇ 18 ਫ਼ੀਸਦੀ ਜੀਐੱਸਟੀ ਲੱਗੇਗਾ। ਇੱਟਾਂ ਬਣਾਉਣ ਦੇ ਕੰਮ ’ਤੇ ਵੀ ਪੰਜ ਦੀ ਜਗ੍ਹਾ 12 ਫ਼ੀਸਦੀ ਜੀਐੱਸਟੀ ਲੱਗੇਗਾ। ਸਡ਼ਕ, ਪੁਲ਼, ਮੈਟਰੋ ਜਿਹੇ ਕੰਮ ਦੇ ਠੇਕੇ ’ਤੇ 12 ਦੀ ਜਗ੍ਹਾ 18 ਫ਼ੀਸਦੀ ਜੀਐੱਸਟੀ ਲੱਗੇਗਾ। ਪੋਸਟਲ ਸੇਵਾ ’ਤੇ ਜੀਐੱਸਟੀ ਨਹੀਂ ਲੱਗੇਗਾ।
