ਗੜਸ਼ੰਕਰ-ਗੜ੍ਹਸ਼ੰਕਰ ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਅੱਡਾ ਸਤਨੌਰ ਵਿਖੇ ਸ਼ੁੱਕਰਵਾਰ ਦੇਰ ਰਾਤ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਸਾਲ ਦੇ ਬੱਚੇ ਸਮੇਤ 3 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਰਾਤ ਕਰੀਬ 11.30 ਵਜੇ ਇਕ ਟਰੱਕ ਨੰਬਰ ਪੀ ਬੀ 06 ਬੀ ਏ 3100 ਹੁਸ਼ਿਆਰਪੁਰ ਵਾਲੇ ਪਾਸਿਓਂ ਗੜ੍ਹਸ਼ੰਕਰ ਵੱਲ ਆ ਰਿਹਾ ਸੀ ਜਿਸ ਨੂੰ ਪਵਨ ਕੁਮਾਰ ਪੁੱਤਰ ਰੁਮਾਲ ਸਿੰਘ ਵਾਸੀ ਗੁਰਦਾਸਪੁਰ ਚਲਾ ਰਿਹਾ ਸੀ। ਗੜ੍ਹਸ਼ੰਕਰ ਵਾਲੇ ਪਾਸਿਓ ਇਕ ਕੀਆ ਕਾਰ ਨੰਬਰ ਐੱਚ ਆਰ 49 ਐੱਚ 3720 ਹੁਸ਼ਿਆਰਪੁਰ ਵੱਲ ਜਾ ਰਹੀ ਸੀ। ਜਦ ਉਹ ਅੱਡਾ ਸਤਨੌਰ ਪਹੁੰਚੇ ਤਾਂ ਉਨ੍ਹਾਂ ਦਰਮਿਆਨ ਟੱਕਰ ਹੋ ਗਈ। ਜਿਸ ਕਾਰਨ ਕਾਰ ਵਿੱਚ ਸਵਾਰ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (40), ਦਿਵਿਆ ਰਾਣੀ ਪਤਨੀ ਰਵਿੰਦਰ ਸਿੰਘ (32) ਅਤੇ ਇਕ ਸਾਲਾ ਬੱਚਾ ਜੈਵਿਕ ਪੁੱਤਰ ਸੌਰਵ ਵਾਸੀ ਪਿੰਜੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਕਾਰ ਵਿਚ ਸਵਾਰ ਚਾਰ ਹੋਰ ਵਿਅਕਤੀ ਹਰਜੀਤ ਕੌਰ ਪਤਨੀ ਅਮਰਜੀਤ ਸਿੰਘ, ਨੀਤੂ ਪਤਨੀ ਸੌਰਵ, ਸੌਰਵ ਪੁੱਤਰ ਰਵਿੰਦਰ ਸਿੰਘ ਅਤੇ ਸੱਚਨੂਰ ਸਿੰਘ ਪੁੱਤਰ ਰਵਿੰਦਰ ਸਿੰਘ ਸਾਰੇ ਵਾਸੀ ਪਿੰਜੌਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਲਿਆਂਦਾ ਗਿਆ। ਜਿੱਥੇ ਉਨ੍ਹਾਂ ਦੀ ਹਾਲਤ ਨੂੰ ਵੇਖਦੇ ਹੋਏ ਪੀਜੀਆਈ ਚੰਡੀਗੜ੍ਹ ਅਤੇ ਨਵਾਂਸ਼ਹਿਰ ਲਈ ਰੈਫਰ ਕਰ ਦਿੱਤਾ ਗਿਆ।

