ਜਲੰਧਰ – ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਏਕਤਾ ਨਗਰ ਨੇੜਿਓਂ ਕਾਰ ਵਿਚ ਨਸ਼ਾ ਕਰ ਰਹੇ ਸੱਤ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹੈਰੋਇਨ ਤੇ ਨਸ਼ਾ ਕਰਨ ਲਈ ਵਰਤਿਆ ਜਾਣ ਵਾਲਾ ਸਾਮਾਨ ਬਰਾਮਦ ਕੀਤਾ ਹੈ।
ਥਾਣਾ ਮੁਖੀ ਨਵਦੀਪ ਸਿੰਘ ਨੇ ਦੱਸਿਆ ਕਿ ਏਐੱਸਆਈ ਪਰਮਜੀਤ ਕੁਮਾਰ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਸੀ ਕਿ ਏਕਤਾ ਨਗਰ ਨੇੜੇ ਕੁਝ ਨੌਜਵਾਨ ਗੱਡੀ ਨੰ. ਪੀ ਬੀ 08 ਈ ਆਰ 0069 ਵਿਚ ਹੈਰੋਇਨ ਦਾ ਨਸ਼ਾ ਕਰ ਰਹੇ ਹਨ। ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਦੱਸੀ ਹੋਈ ਥਾਂ ‘ਤੇ ਖੜ੍ਹੀ ਉਕਤ ਨੰਬਰ ਦੀ ਕਾਰ ਵਿੱਚੋਂ ਸਤਿੰਦਰ ਸਿੰਘ ਉਰਫ ਸ਼ਿੰਦਾ ਵਾਸੀ ਏਕਤਾ ਨਗਰ, ਮਨਦੀਪ ਸਿੰਘ ਵਾਸੀ ਪਿੰਡ ਦਾਤਾ ਟਾਂਡਾ, ਮੁਨੀਸ਼ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਐਵਨਿਊ, ਰੋਹਿਤ ਉਰਫ ਨਨੂੰ ਵਾਸੀ ਸੈਂਟਰਲ ਟਾਊਨ, ਅਮਰਦੀਪ ਸਿੰਘ ਸ਼ਰਮਾ ਵਾਸੀ ਬੇਅੰਤ ਨਗਰ, ਰਣਜੋਤ ਸਿੰਘ ਵਾਸੀ ਸਾਗਰ ਇਨਕਲੇਵ ਨਾਹਲਾਂ ਅਤੇ ਸੰਦੀਪ ਕੁਮਾਰ ਵਾਸੀ ਚੰਡੀਗੜ੍ਹ ਮੁਹੱਲਾ ਬਸਤੀ ਦਾਨਸ਼ਮੰਦਾਂ ਨੂੰ ਕਾਬੂ ਕਰ ਕੇ ਇੱਕ-ਇੱਕ ਚਾਂਦੀ ਦਾ ਵਰਕ, ਇੱਕ-ਇੱਕ ਸਿਲਵਰ ਪੰਨ੍ਹੀ ਤੇ ਇਕ ਲਾਈਟਰ ਬਰਾਮਦ ਕੀਤਾ। ਇਸ ਤੋਂ ਇਲਾਵਾ ਸਤਿੰਦਰ ਸਿੰਘ ਦੀ ਤਲਾਸ਼ੀ ਲੈਣ ‘ਤੇ ਉਸ ਕੋਲੋਂ ਤਿੰਨ ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਇਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
