ਮੁਹਾਲੀ : ਚੰਡੀਗੜ੍ਹ ਯੂਨੀਵਰਸਿਟੀ (CU) ‘ਚ ਪੜ੍ਹਦੀਆਂ ਵਿਦਿਆਰਥਣਾਂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਦੋ ਵਾਰਡਨ ਮੁਅੱਤਲ ਕਰ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਸੀਨੀਅਰ ਆਈਪੀਐੱਸ ਅਫ਼ਸਰ ਗੁਰਪ੍ਰੀਤ ਕੌਰ ਦਿਓ ਦੀ ਅਗਵਾਈ ‘ਚ 3 ਮੈਂਬਰੀ ਜਾਂਚ ਕਮੇਟੀ ਬਣਾਈ ਗਈ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਯੂਨੀਵਰਸਿਟੀ ‘ਚ ਸ਼ਨਿਚਰਵਾਰ ਦੇ ਰਾਤ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੜਕੀਆਂ ਦੇ ਹੋਸਟਲ ‘ਚ ਇਕ ਵਿਦਿਆਰਥਣ ਵੱਲੋਂ ਨਹਾਉਂਦੇ ਸਮੇਂ 60 ਵਿਦਿਆਰਥਣਾਂ ਦੀ ਵੀਡੀਓ ਬਣਾ ਕੇ ਇਕ ਨੌਜਵਾਨ ਨੂੰ ਭੇਜਣ ਦਾ ਰੌਲਾ ਪੈ ਗਿਆ ਤੇ ਨੌਜਵਾਨ ਨੇ ਵੀਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਹਾਲਾਂਕਿ ਬਾਅਦ ਵਿਚ ਯੂਨੀਵਰਸਿਟੀ ਮੈਨੇਜੇਮੈਂਟ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਕਿਸੇ ਵੀ ਕੁੜੀ ਨੇ ਆਤਮ ਹੱਤਿਆ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਮਾਮਲੇ ‘ਚ ਮੁਲਜ਼ਮ ਵਿਦਿਆਰਥਣ ਤੇ ਉਸ ਦੇ ਨੌਜਵਾਨ ਸਾਥੀ ਸ਼ਿਮਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
