ਜਲੰਧਰ : ਕੰਵਲਜੀਤ ਸਿੰਘ ਮੱਕੜ – ਕਪੂਰਥਲਾ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਆਰ.ਟੀ.ਆਈ. ਐਕਟੀਵਿਸਟ ਅਤੇ ਵਕੀਲ ਸਿਮਰਨਜੀਤ ਸਿੰਘ ਦੇ ਕਤਲ ਦੇ ਮਾਮਲੇ ਨੂੰ ਕੁਝ ਹੀ ਘੰਟਿਆਂ ਵਿੱਚ ਟਰੇਸ ਕਰਕੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਸ਼ੀ ਕੋਲੋਂ ਵਾਰਦਾਤ ਵਿੱਚ ਵਰਤੀ ਗਈ .32 ਬੋਰ ਪਿਸਟਲ ਅਤੇ 6 ਜਿੰਦਾ ਰੌਂਦ ਵੀ ਬਰਾਮਦ ਕੀਤੇ ਹਨ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ ਜਲੰਧਰ ਰੇਂਜ ਸ਼੍ਰੀ ਨਵੀਨ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 30 ਮਈ ਨੂੰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲਾਅ ਗੇਟ ਮਹੇੜੂ ਨੇੜੇ ਇੱਕ ਵਿਅਕਤੀ ਦੀ ਗੋਲੀ ਲੱਗਣ ਕਾਰਨ ਲਾਸ਼ ਪਈ ਹੈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਪੁੱਤਰ ਜਗਦੀਸ਼ ਸਿੰਘ ਵਾਸੀ ਆਦਰਸ਼ ਨਗਰ, ਜਲੰਧਰ ਵਜੋਂ ਕੀਤੀ, ਜੋ ਪੇਸ਼ੇ ਤੋਂ ਆਰ.ਟੀ.ਆਈ. ਐਕਟੀਵਿਸਟ ਅਤੇ ਵਕੀਲ ਸੀ।
ਪੁਲਿਸ ਨੂੰ ਮੌਕੇ ਤੋਂ ਮ੍ਰਿਤਕ ਦੀ ਫਾਰਚੂਨਰ ਗੱਡੀ ਨੰਬਰ PB-07-BH-0001 ਮਿਲੀ, ਜਿਸ ਵਿੱਚ ਇੱਕ ਪੰਪ ਐਕਸ਼ਨ ਰਾਈਫਲ, ਇੱਕ .32 ਬੋਰ ਪਿਸਟਲ ਅਤੇ ਇੱਕ ਮੋਬਾਈਲ ਫੋਨ ਵੀ ਮੌਜੂਦ ਸੀ। ਇਸ ਸਬੰਧੀ ਥਾਣਾ ਸਤਨਾਮਪੁਰਾ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ।
ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਸ਼੍ਰੀ ਗੌਰਵ ਤੂਰਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਅਤੇ ਵਿਗਿਆਨਕ ਤਰੀਕਿਆਂ ਨਾਲ ਕੀਤੀ ਗਈ ਜਾਂਚ ਦੌਰਾਨ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਦੋਸ਼ੀ ਸ਼ਰਨਜੀਤ ਸਿੰਘ ਉਰਫ਼ ਟਵਿੰਕਲ ਪੁੱਤਰ ਦਲਜੀਤ ਸਿੰਘ ਵਾਸੀ ਤਿਲਕ ਨਗਰ, ਨਾਖਾ ਵਾਲਾ ਬਾਗ, ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਸਿਮਰਨਜੀਤ ਸਿੰਘ ਅਤੇ ਦੋਸ਼ੀ ਸ਼ਰਨਜੀਤ ਸਿੰਘ ਆਪਸ ਵਿੱਚ ਰਿਸ਼ਤੇਦਾਰ ਸਨ ਅਤੇ ਦੋਵਾਂ ਵਿਚਾਲੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਪੁਲਿਸ ਅਨੁਸਾਰ ਦੋਵੇਂ ਵਿਅਕਤੀ ਮਹੇੜੂ ਵਿਖੇ ਇੱਕ ਪਲਾਟ ਦੇਖਣ ਆਏ ਹੋਏ ਸਨ, ਜਿੱਥੇ ਪੁਰਾਣੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਤਕਰਾਰ ਹੋ ਗਈ। ਇਸ ਦੌਰਾਨ ਦੋਸ਼ੀ ਨੇ ਆਪਣੇ ਕੋਲ ਮੌਜੂਦ .32 ਬੋਰ ਪਿਸਟਲ ਨਾਲ ਸਿਮਰਨਜੀਤ ਸਿੰਘ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਦੋਸ਼ੀ ਕੋਲੋਂ ਇੱਕ .32 ਬੋਰ ਪਿਸਟਲ ਅਤੇ 6 ਜਿੰਦਾ ਰੌਂਦ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਪੁੱਛਗਿੱਛ ਦੌਰਾਨ ਮਹੱਤਵਪੂਰਨ ਖੁਲਾਸੇ ਹੋਏ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
ਫੋਟੋ ਕੈਪਸ਼ਨ:
ਕਤਲ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਸ਼ਰਨਜੀਤ ਸਿੰਘ ਉਰਫ਼ ਟਵਿੰਕਲ ਅਤੇ ਉਸ ਕੋਲੋਂ ਬਰਾਮਦ ਕੀਤੀ ਗਈ .32 ਬੋਰ ਪਿਸਟਲ ਤੇ ਜਿੰਦਾ ਰੌਂਦ।
