ਕਰਤਾਰਪੁਰ : ਕੰਵਲਜੀਤ ਸਿੰਘ ਮੱਕੜ – ਕਰਤਾਰਪੁਰ ਦੇ ਪਿੰਡ ਸਰਾਏ ਖ਼ਾਸ ਦੀ ਰਹਿਣ ਵਾਲੀ ਵਿਆਹੀ ਮਹਿਲਾ ਸਿਮਰਨ ਦੀ ਕਪੂਰਥਲਾ ਦੇ ਪਿੰਡ ਰਾਜਾਪੁਰ ਸਥਿਤ ਸਹੁਰੇ ਘਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਰਿਵਾਰ ਨੇ ਇਸ ਨੂੰ ਖੁਦਕੁਸ਼ੀ ਨਹੀਂ, ਸਗੋਂ ਦਾਜ਼ ਦੀ ਮੰਗ ਅਤੇ ਲਗਾਤਾਰ ਤਸ਼ੱਦਦ ਤੋਂ ਬਾਅਦ ਕੀਤਾ ਗਿਆ ਕਤਲ ਕਰਾਰ ਦਿੱਤਾ ਹੈ। ਪੁਲਿਸ ਨੇ ਮਾਮਲੇ ਵਿੱਚ ਪਤੀ ਹਰਦੀਪ ਸਿੰਘ ਉਰਫ਼ ਗੁੱਗੂ ਉਰਫ਼ ਗਗਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਪਰਿਵਾਰ ਦੇ ਹੋਰ ਚਾਰ ਮੈਂਬਰਾਂ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਸਿਮਰਨ ਦਾ ਵਿਆਹ ਸਾਲ 2021 ਵਿੱਚ ਹਰਦੀਪ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਸਹੁਰਾ ਪਰਿਵਾਰ ਵੱਲੋਂ ਦਾਜ਼ ਦੀ ਮੰਗ ਨੂੰ ਲੈ ਕੇ ਉਸ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਗ-ਪਰੇਸ਼ਾਨ ਕੀਤਾ ਜਾਣ ਲੱਗਾ। ਵਿਆਹ ਤੋਂ ਇੱਕ ਸਾਲ ਬਾਅਦ ਸਿਮਰਨ ਨੇ ਇੱਕ ਧੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਸੁਰਿੰਦਰ ਕੌਰ (ਸੁੱਖੂ) ਹੈ। ਪਰਿਵਾਰ ਦਾ ਦੋਸ਼ ਹੈ ਕਿ ਧੀ ਦੇ ਜਨਮ ਤੋਂ ਬਾਅਦ ਸਹੁਰਾ ਪਰਿਵਾਰ ਹੋਰ ਵੀ ਨਾਰਾਜ਼ ਰਹਿਣ ਲੱਗ ਪਿਆ ਅਤੇ ਪੁੱਤਰ ਨਾ ਹੋਣ ਨੂੰ ਲੈ ਕੇ ਉਸ ਨੂੰ ਤਾਣੇ ਮਾਰੇ ਜਾਂਦੇ ਸਨ।
ਪਰਿਵਾਰ ਮੁਤਾਬਕ 14 ਜੁਲਾਈ ਨੂੰ ਸਿਮਰਨ ਦੀ ਲਾਸ਼ ਉਸ ਦੇ ਸਹੁਰੇ ਘਰੋਂ ਮਿਲੀ। ਮ੍ਰਿਤਕਾ ਦੀ ਮਾਤਾ ਨੇ ਦੱਸਿਆ ਕਿ ਉਸ ਦੇ ਸਮਧੀ ਦਾ ਫੋਨ ਆਇਆ ਅਤੇ ਕਿਹਾ ਗਿਆ ਕਿ ਸਿਮਰਨ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਉਸ ਸਮੇਂ ਸਿਮਰਨ ਦੇ ਪਿਤਾ ਕਸ਼ਮੀਰ ਸਿੰਘ ਦੁਬਈ ਵਿੱਚ ਸਨ। ਜਦੋਂ ਉਨ੍ਹਾਂ ਨੇ ਫੋਨ ‘ਤੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਖੁਦਕੁਸ਼ੀ ਦੀ ਗੱਲ ਕਹੀ। ਪਿਤਾ ਨੇ ਦੋਸ਼ ਲਗਾਇਆ ਕਿ “ਤੁਸੀਂ ਮੇਰੀ ਧੀ ਦਾ ਕਤਲ ਕੀਤਾ ਹੈ”, ਜਿਸ ਤੋਂ ਬਾਅਦ ਫੋਨ ਕੱਟ ਦਿੱਤਾ ਗਿਆ।
ਮ੍ਰਿਤਕਾ ਦੇ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਕਿ ਹਰਦੀਪ ਸਿੰਘ ਦੇ ਆਪਣੀ ਭਾਬੀ ਨਾਲ ਕਥਿਤ ਨਾਜਾਇਜ਼ ਸੰਬੰਧ ਸਨ, ਜਿਸ ਕਾਰਨ ਉਹ ਸਿਮਰਨ ਨੂੰ ਘਰੋਂ ਕੱਢਣ ਅਤੇ ਛੱਡਣ ਦੀਆਂ ਗੱਲਾਂ ਕਰਦਾ ਸੀ। ਇੱਕ ਸਾਲ ਪਹਿਲਾਂ ਵੀ ਉਸ ਨੇ ਕਥਿਤ ਤੌਰ ‘ਤੇ ਸਿਮਰਨ ਨੂੰ ਧੱਕਾ ਦੇ ਕੇ ਸੀੜ੍ਹੀਆਂ ਤੋਂ ਸੁੱਟ ਦਿੱਤਾ ਸੀ, ਜਿਸ ਨਾਲ ਉਸ ਦਾ ਜਬਾੜਾ ਟੁੱਟ ਗਿਆ ਸੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ ਸੀ। ਉਸ ਵੇਲੇ ਸਹੁਰਾ ਪਰਿਵਾਰ ਦੇ ਦਬਾਅ ਹੇਠ ਇਸ ਘਟਨਾ ਨੂੰ ਹਾਦਸਾ ਦੱਸਿਆ ਗਿਆ, ਪਰ ਬਾਅਦ ਵਿੱਚ ਸਿਮਰਨ ਨੇ ਆਪਣੇ ਪਰਿਵਾਰ ਨੂੰ ਸਾਰੀ ਹਕੀਕਤ ਦੱਸੀ ਸੀ।
ਪਰਿਵਾਰ ਦਾ ਕਹਿਣਾ ਹੈ ਕਿ ਮੌਤ ਤੋਂ ਇੱਕ ਦਿਨ ਪਹਿਲਾਂ ਸਿਮਰਨ ਨੇ ਆਪਣੀ ਮਾਂ ਨੂੰ ਫੋਨ ਕਰਕੇ ਪਤੀ ਦੇ ਪੱਥਰੀ ਦੇ ਇਲਾਜ ਲਈ 50 ਹਜ਼ਾਰ ਰੁਪਏ ਮੰਗੇ ਸਨ। ਅਗਲੇ ਹੀ ਦਿਨ ਉਸ ਦੀ ਮੌਤ ਦੀ ਖ਼ਬਰ ਮਿਲ ਗਈ, ਜਿਸ ਕਾਰਨ ਪਰਿਵਾਰ ਨੂੰ ਘਟਨਾ ‘ਤੇ ਗੰਭੀਰ ਸ਼ੱਕ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਸਿਮਰਨ ਦੇ ਸਰੀਰ ‘ਤੇ ਮਾਰਪੀਟ ਦੇ ਕਈ ਨਿਸ਼ਾਨ ਸਨ, ਇੱਕ ਲੱਤ ਟੁੱਟੀ ਹੋਈ ਸੀ ਅਤੇ ਨੀਲੀ ਪਈ ਹੋਈ ਸੀ, ਜਦਕਿ ਗਰਦਨ ‘ਤੇ ਉਂਗਲਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਪਹਿਲਾਂ ਸਿਮਰਨ ਦਾ ਕਤਲ ਕੀਤਾ ਗਿਆ ਅਤੇ ਬਾਅਦ ਵਿੱਚ ਘਟਨਾ ਨੂੰ ਖੁਦਕੁਸ਼ੀ ਦਾ ਰੂਪ ਦੇਣ ਲਈ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ ਗਿਆ।
ਮ੍ਰਿਤਕਾ ਦੀ ਚਾਰ ਸਾਲਾ ਧੀ ਨੂੰ ਲੈ ਕੇ ਵੀ ਪਰਿਵਾਰ ਨੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਘਟਨਾ ਤੋਂ ਬਾਅਦ ਸਹੁਰਾ ਪਰਿਵਾਰ ਦੀਆਂ ਕੁਝ ਮਹਿਲਾਵਾਂ ਬੱਚੀ ਨੂੰ ਨਾਲ ਲੈ ਕੇ ਘਰ ਤੋਂ ਚਲੀ ਗਈਆਂ, ਜਿਸ ਕਾਰਨ ਉਸ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਸਵੇਰੇ ਕਰੀਬ 6 ਵਜੇ ਪਿੰਡ ਦੇ ਕੁਝ ਲੋਕਾਂ ਨੇ ਸਹੁਰੇ ਘਰੋਂ ਚੀਕਾਂ ਦੀਆਂ ਆਵਾਜ਼ਾਂ ਸੁਣੀਆਂ ਅਤੇ ਦਰਵਾਜ਼ਾ ਖੜਕਾਇਆ, ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਪੀੜਤ ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਨਾਲ ਬੇਰਹਿਮੀ ਨਾਲ ਵਰਤਾਅ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਦੂਜੇ ਪਾਸੇ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਤੀ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਪਰਿਵਾਰ ਦੇ ਹੋਰ ਚਾਰ ਮੈਂਬਰਾਂ ਖ਼ਿਲਾਫ਼ ਵੀ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਅਤੇ ਹੋਰ ਸਬੂਤਾਂ ਦੇ ਆਧਾਰ ‘ਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ।
