ਅੰਮ੍ਰਿਤਸਰ, 16 ਜੂਨ – ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਜਾਣ ਵਾਲਾ ਸਿੱਖ ਸ਼ਰਧਾਲੂਆਂ ਦਾ ਜਥਾ ਇਸ ਵਾਰ ਪਾਕਿਸਤਾਨ ਨਹੀਂ ਜਾ ਸਕੇਗਾ। ਪਾਕਿਸਤਾਨ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਕਾਰਨ ਜਥੇ ਨੂੰ ਪ੍ਰਵਾਨਗੀ ਨਹੀਂ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਯਾਤਰਾ ਵਿਭਾਗ ਸ਼੍ਰੋਮਣੀ ਕਮੇਟੀ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸਤਵੰਤ ਸਿੰਘ ਨਾਲ ਟੈਲੀਫ਼ੋਨ ‘ਤੇ ਗੱਲਬਾਤ ਹੋਈ ਹੈ, ਜਿਸ ਅਨੁਸਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਨੂੰ ਪਾਕਿਸਤਾਨ ਸਰਕਾਰ ਵਲੋਂ ਕੋਰੋਨਾ ਕਾਰਨ ਆਗਿਆ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਰਧਾਲੂਆਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਜਾਣ ਲਈ ਆਪਣੇ ਪਾਸਪੋਰਟ ਸ਼੍ਰੋਮਣੀ ਕਮੇਟੀ ਕੋਲ ਜਮ੍ਹਾਂ ਕਰਵਾਏ ਸਨ, ਉਹ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਤੋਂ ਵਾਪਸ ਲੈ ਸਕਦੇ ਹਨ।
