ਮੋਹਾਲੀ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਵਿਜੀਲੈਂਸ ਬਿਓਰੋ ਵੱਲੋਂ ਗਿ੍ਫ਼ਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਰਿਹਾਅ ਕਰਨਾ ਪਿਆ।ਸੈਣੀ ਨੂੰ ਵੀਰਵਾਰ ਦੁਪਿਹਰ 12 ਕੁ ਵਜੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਵਿਜੀਲੈਂਸ ਨੇ ਉਸ ਦਾ 10 ਦਿਨਾਂ ਦਾ ਰਿਮਾਂਡ ਮੰਗਿਆ। ਹਾਲਾਂਕਿ ਹਾਈ ਕੋਰਟ ’ਚ ਇਸ ਮਾਮਲੇ ’ਤੇ ਸੈਣੀ ਤੇ ਉਸ ਦੀ ਪਤਨੀ ਸ਼ੋਭਾ ਸੈਣੀ ਵੱਲੋਂ ਪਾਈ ਪਟੀਸ਼ਨ ਦੇ ਫ਼ੈਸਲੇ ਤੋਂ ਬਾਅਦ ਉਸ ਦੇ ਰਿਮਾਂਡ ਤੇ ਪੱਕੀ ਗਿ੍ਫ਼ਤਾਰੀ ’ਤੇ ਕੋਈ ਫ਼ੈਸਲਾ ਨਹੀਂ ਹੋ ਸਕਿਆ।
ਰਾਤ 12 ਵਜੇ ਤਕ ਸੈਣੀ ਦੀ ਹਾਲੇ ਪੁਲਿਸ ਦੀ ਹਿਰਾਸਤ ਵਿਚ ਹੀ ਸੀ ਤੇ ਸਵੇਰ ਤੋਂ ਲੈਕੇ ਕਰੀਬ 10-11 ਘੰਟੇ ਤਕ ਅਦਾਲਤ ਦੇ ਵਿਹੜੇ ’ਚ ਪੁਲਿਸ ਦੀ ਨਿਗਰਾਨੀ/ਰਿਹਾਸਤ ’ਚ ਹੀ ਰਿਹਾ।ਇਸ ਤੋਂ ਪਹਿਲਾਂ ਸੈਣੀ ਦੇ 5 ਵਕੀਲ ਅਦਾਲਤ ’ਚ ਸਨ ਜਿਨ੍ਹਾਂ ਨੇ ਸੈਣੀ ਦੀ ਗਿ੍ਫ਼ਤਾਰੀ ਬਾਰੇ ਵਿਜੀਲੈਂਸ ਦਾ ਵਿਰੋਧ ਕੀਤਾ। ਦੂਜੇ ਪਾਸੇ ਪੂਰਾ ਦਿਨ ਵਿਜੀਲੈਂਸ ਬਿਓਰੋ ਤੇ ਮੋਹਾਲੀ ਪੁਲਿਸ ਮੀਡੀਆ ਤੋਂ ਬਚਦੀ ਨਜ਼ਰ ਆਈ ਤੇ ਅਦਾਲਤ ਕੰਪਲੈਕਸ ’ਚ ਪੱਤਰਕਾਰਾਂ ਨੂੰ ਦਾਖ਼ਲ ਤਕ ਨਹੀਂ ਹੋਣ ਦਿੱਤਾ ਗਿਆ, ਜਿਹੜੇ ਪੱਤਰਕਾਰ ਪਹਿਲਾਂ ਅੰਦਰ ਚਲੇ ਵੀ ਗਏ ਸਨ ਉਨ੍ਹਾ ਨੂੰ ਵੀ ਬਾਹਰ ਕੱਢਣ ਦੇ ਹੁਕਮ ਜਾਰੀ ਹੋ ਗਏ।ਕੋਰਟ ਕੰਪਲੈਕਸ ਦੇ ਵੱਲ ਜਾਣ ਵਾਲੇ ਸਾਰੇ ਰਸਤਿਆਂ ’ਤੇ ਪੁਲਿਸ ਦਾ ਪੱਕਾ ਪਹਿਰਾ ਰਿਹਾ।
ਸੈਣੀ ਨੂੰ ਜਿਵੇਂ ਹੀ ਪਤਾ ਚੱਲਿਆ ਕਿ ਅਦਾਲਤ ਨੇ ਉਸ ਦੀ ਰਿਹਾਈ ਦੇ ਹੁਕਮ ਦਿੱਤੇ ਹਨ ਤਾਂ ਉਸ ਨੇ ਆਪਣੀ ਇਨੋਵਾ ਗੱਡੀ ਤੇ ਜ਼ੈੱਡ ਸੁਰੱਖਿਆ ਟੀਮ ਵੀ ਮੰਗਵਾ ਲਈ। ਸੈਣੀ ਨੂੰ ਮੋਹਾਲੀ ਅਦਾਲਤ ਦੇ ਹੁਕਮਾਂ ’ਤੇ ਵਿਜੀਲੈਂਸ ਬਿਓਰੋ ਨੇ ਵਜੇ ਛੱਡਿਆ।
ਦੱਸਣਾ ਬਣਦਾ ਹੈ ਕਿ ਬੁੱਧਵਾਰ ਰਾਤ 8 ਵਜੇ ਸੁਮੇਧ ਸਿੰਘ ਸੈਣੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ’ਤੇ ਪੜਤਾਲ ’ਚ ਸ਼ਾਮਿਲ ਹੋਣ ਲਈ ਵਿਜੀਲੈਂਸ ਦੇ ਸੈਕਟਰ-68 ਸਥਿਤ ਦਫ਼ਤਰ ਪੁੱਜੇ ਸਨ ਜਿੱਥੇ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ।ਵਿਜੀਲੈਂਸ ਬਿਓਰੋ ਨੇ ਦਾਅਵਾ ਕੀਤਾ ਹੈ ਕਿ ਸੈਣੀ ਨੂੰ 17 ਸਤੰਬਰ 2020 ਦੇ ਇਕ ਕੇਸ ’ਚ ਦਰਜ ਕੀਤਾ ਗਿਆ ਹੈ ਜਿਸ ਵਿਚ ਉਸ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 409,420,465,467,468,471,120-ਬੀ,ਅਤੇ 7(ਏ),(ਬੀ),(ਸੀ) ਅਤੇ 7-ਏ,13(1), 13(2) ਭਿ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ।ਇਹ ਵੀ ਦੱਸਣਾ ਬਣਦਾ ਹੈ ਕਿ ਸੈਣੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ 12 ਅਗਸਤ ਨੂੰ ਪੇਸ਼ਗੀ ਜ਼ਮਾਨਤ ਦਿੰਦਿਆਂ ਜਾਂਚ ’ਚ ਸ਼ਾਮਿਲ ਹੋਣ ਦੇ ਹੁਕਮ ਜਾਰੀ ਕੀਤੇ ਸਨ ਇਸੇ ਦੌਰਾਨ ਉਸ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਸੀ।
