ਲੁਧਿਆਣਾ : 21 ਸਾਲਾ ਵਿਦਿਆਰਥਣ ਤੇਜ਼ ਰਫ਼ਤਾਰ ਕਾਰ ਦੀ ਲਪੇਟ ‘ਚ ਆ ਗਈ। ਗੰਭੀਰ ਫੱਟੜ ਹੋਈ ਵਿਦਿਆਰਥਣ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਮਾਮਲੇ ‘ਚ ਥਾਣਾ ਡਵੀਜ਼ਨ ਨੰਬਰ-6 ਦੀ ਪੁਲਿਸ ਨੇ ਕੁਰੂਕਸ਼ੇਤਰ ਹਰਿਆਣਾ ਦੇ ਰਹਿਣ ਵਾਲੇ ਤੇਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸ਼ੇਰਪੁਰ ਕਲਾਂ ਦੇ ਰਹਿਣ ਵਾਲੇ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਸਿਮਰਨਪ੍ਰਰੀਤ ਕੌਰ (21) ਫ਼ਤਹਿਗੜ੍ਹ ਸਾਹਿਬ ਵਿਖੇ ਪੜ੍ਹਦੀ ਸੀ। ਸ਼ੁੱਕਰਵਾਰ ਨੂੰ ਉਹ ਯੂਨੀਵਰਸਿਟੀ ਤੋਂ ਘਰ ਵਾਪਸ ਆ ਰਹੀ ਸੀ। ਇਸ ਦੌਰਾਨ ਜਦ ਉਹ ਡਾਬਾ ਕੱਟ ਨੇੜੇ ਬੱਸ ‘ਚੋਂ ਉਤਰੀ ਤਾਂ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਬਲੈਨੋ ਕਾਰ ਨੇ ਉਸ ਨੂੰ ਦਰੜ ਦਿੱਤਾ। ਗੰਭੀਰ ਰੂਪ ‘ਚ ਜ਼ਖ਼ਮੀ ਹੋਈ ਸਿਮਰਨਪ੍ਰਰੀਤ ਕੌਰ ਨੂੰ ਅਪੋਲੋ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਪੁਲਿਸ ਨੇ ਕੁਰੂਕਸ਼ੇਤਰ ਵਾਸੀ ਤਜਿੰਦਰ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਮੁਲਜ਼ਮ ਹਾਲੇ ਤਕ ਪੁਲਿਸ ਦੀ ਗਿ੍ਫ਼ਤ ‘ਚੋਂ ਬਾਹਰ ਹੈ।
