ਤਲਵਾੜਾ : ਸ਼ੁੱਕਰਵਾਰ ਦੁਪਹਿਰ ਨੂੰ ਝੀਰ ਦਾ ਖੂਹ – ਕਮਾਹੀ ਦੇਵੀ ਰੋਡ ਤੇ ਪੈਂਦੇ ਅੱਡਾ ਨੌਸ਼ਹਿਰਾ ਦੇ ਕੋਲ ਇਕ ਓਵਰ ਸਪੀਡ ਟਿੱਪਰ ਦੀ ਲਪੇਟ ‘ਚ ਆਉਣ ਨਾਲ ਮੋਟਰਸਾਈਕਲ ਸਵਾਰ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਪਤੀ ਤੇ ਦੋ ਬੱਚੇ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸੰਜੀਵ ਕੁਮਾਰ ਵਾਸੀ ਡਾਢੇ ਕਟਵਾਲ ਆਪਣੀ ਪਤਨੀ ਜੋਤੀ ਰਾਣੀ (32) ਤੇ ਆਪਣੇ ਦੋ ਬੱਚਿਆਂ ਨਾਲ ਮੋਟਰਸਾਈਕਲ ਨੰਬਰ ਪੀਬੀ 07 ਏ ਕੇ 6857 ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਕਮਾਹੀ ਦੇਵੀ ਵੱਲ ਇਕ ਵਿਆਹ ਸਮਾਗਮ ਦੇ ਵਿਚ ਸ਼ਰੀਕ ਹੋਣ ਜਾ ਰਹੇ ਸਨ। ਜਦੋਂ ਉਹ ਅੱਡਾ ਨੌਸ਼ਹਿਰਾ ਕੋਲ ਪਹੁੰਚੇ ਤਾਂ ਓਵਰ ਸਪੀਡ ਟਿੱਪਰ ਨੰਬਰ ਐਚਪੀ – 80 – 2465 ਦੀ ਲਪੇਟ ਵਿੱਚ ਆ ਗਏ।
ਉਕਤ ਸੜਕ ਹਾਦਸੇ ‘ਚ ਜੋਤੀ ਰਾਣੀ ਦੀ ਟਿੱਪਰਦੇ ਹੇਠਾ ਆਉਣ ਕਾਰਨ ਮੌਕੇ ‘ਤੇ ਹੀ ਮੌਤ ਹੋ ਗਈ। ਉਸ ਦਾ ਪੂਰਾ ਪਰਿਵਾਰ ਸੜਕ ਦੇ ਦੂਜੇ ਪਾਸੇ ਜਾ ਡਿੱਗਣ ਕਾਰਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਕੁਝ ਕਿਲੋਮੀਟਰ ਦੂਰ ਜਾ ਕੇ ਉਹ ਟਿੱਪਰ ਸਣੇ ਸੜਕ ਤੋਂ ਓਹਲੇ ਜਾ ਲੁਕਿਆ। ਕੁਝ ਸਥਾਨਕ ਲੋਕਾਂ ਨੇ ਪਿੱਛਾ ਕਰ ਕੇ ਉਕਤ ਟਿੱਪਰ ਚਾਲਕ ਨੂੰ ਫ਼ੜ ਕੇ ਤਲਵਾੜਾ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਬੀਬੀਐਮਬੀ ਹਸਪਤਾਲ ਤਲਵਾੜਾ ਵਿਖੇ ਪਹੁੰਚਾਇਆ ਅਤੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਤਲਵਾੜਾ ਪੁਲਿਸ ਦੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਟਿੱਪਰ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ ਜਿਸ ਦੇ ਡਰਾਈਵਰ ਦੀ ਪਛਾਣ ਵਿਸਾਖਾ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਵਿਰੋਚੱਕ ਥਾਣਾ ਦਸੂਹਾ ਦੇ ਰੂਪ ਵਿਚ ਹੋਈ ਹੈ। ਤਲਵਾੜਾ ਪੁਲਿਸ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਜਲਦ ਟਿੱਪਰ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰੇਗੀ।
