ਜਲੰਧਰ : ਸਕਿਓਰਿਟੀ ਗਾਰਡ ਦੀ ਡਿਊਟੀ ਕਰ ਰਹੇ ਵਿਅਕਤੀ ਵੱਲੋਂ ਅੰਮ੍ਰਿਤਸਰ ਤੋਂ ਜਲੰਧਰ ਆ ਰਹੀ ਕਟਿਆਰ ਐਕਸਪ੍ਰੈੱਸ ਰੇਲ ਗੱਡੀ ਅੱਗੇ ਕੁੱਦ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਪਲਵਿੰਦਰ ਕੁਮਾਰ ਪੁੱਤਰ ਸਵਰਗੀ ਹਰੂ ਰਾਮ ਵਾਸੀ ਪਿੰਡ ਲਿੱਦੜਾਂ ਜਲੰਧਰ ਵਜੋਂ ਹੋਈ ਹੈ। ਜੋ ਕਿ ਨਜ਼ਦੀਕ ਸਥਿਤ ਡਿਪਸ ਸਕੂਲ ਵਿੱਚ ਸਕਿਓਰਿਟੀ ਗਾਰਡ ਦੀ ਡਿਊਟੀ ਕਰਦਾ ਸੀ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਥਾਣਾ ਮਕਸੂਦਾਂ ਅਧੀਨ ਆਉਂਦੇ ਡਿਪਸ ਸਕੂਲ ਨੇੜਿਓਂ ਡੋਲੀ ਵਾਲੀ ਕਾਰ ਲੁੱਟ ਦੇ ਮਾਮਲੇ ‘ਚ ਕਾਰ ਡਰਾਈਵਰ ਨੇ ਪੁਲਿਸ ਨੂੰ ਬਿਆਨ ਦਿੱਤੇ ਸੀ ਕਿ ਉਹ ਡਿਪਸ ਸਕੂਲ ਵਿੱਚ ਸਕਿਓਰਿਟੀ ਗਾਰਡ ਦੀ ਡਿਊਟੀ ਕਰ ਰਹੇ ਪਲਵਿੰਦਰ ਕੁਮਾਰ ਨੂੰ ਪੈਸੇ ਦੇਣ ਆਇਆ ਸੀ ਤੇ ਉਸੇ ਦੌਰਾਨ ਦੋ ਵਿਅਕਤੀਆਂ ਵੱਲੋਂ ਉਸ ਨੂੰ ਜ਼ਖ਼ਮੀ ਕਰ ਕੇ ਉਸ ਦੀ ਕਾਰ ਲੁੱਟ ਲਈ ਸੀ। ਜਿਸ ਦੇ ਸਬੰਧ ਵਿਚ ਪੁਲਿਸ ਵੱਲੋਂ ਸਕਿਓਰਿਟੀ ਗਾਰਡ ਕੋਲੋਂ ਵੀ ਜਾਣਕਾਰੀ ਲਈ ਗਈ ਸੀ।
ਪੁਲਿਸ ਨੂੰ ਮਿਲਿਆ ਆਤਮਹੱਤਿਆ ਨੋਟ
ਘਟਨਾ ਦੀ ਸੂਚਨਾ ਮਿਲਣ ਉਪਰੰਤ ਮੌਕੇ ਤੇ ਪੁੱਜੀ ਜੀਆਰਪੀ ਪੁਲਿਸ ਨੂੰ ਮ੍ਰਿਤਕ ਸਕਿਓਰਿਟੀ ਗਾਰਡ ਪਲਵਿੰਦਰ ਕੁਮਾਰ ਵੱਲੋਂ ਲਿਖਿਆ ਹੋਇਆ ਆਤਮਹੱਤਿਆ ਨੋਟ ਬਰਾਮਦ ਹੋਇਆ ਹੈ। ਇਸ ਸਬੰਧੀ ਜੀਆਰਪੀ ਪੁਲਿਸ ਮੁਲਾਜ਼ਮ ਨਰਿੰਦਰਪਾਲ ਨੇ ਦੱਸਿਆ ਕਿ ਆਤਮਹੱਤਿਆ ਨੋਟ ਵਿੱਚ ਉਸ ਨੇ ਲਿਖਿਆ ਹੈ ਕਿ ਬੀਤੇ ਦਿਨੀਂ ਡੋਲੀ ਵਾਲੀ ਕਾਰ ਦੇ ਲੁੱਟਖੋਹ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਉਸ ਨੂੰ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਸੀ ਤੇ ਉਸ ਨੇ ਆਪਣੀ ਮੰਗੇਤਰ ਨੂੰ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ ਜਿਸ ਨੇ ਵਿਦੇਸ਼ ਜਾਣ ਉਪਰੰਤ ਉਸ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਉਹ ਪ੍ਰੇਸ਼ਾਨ ਸੀ। ਇਸ ਸਬੰਧੀ ਡੀਐੱਸਪੀ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਕੋਲੋਂ ਜਾਣਕਾਰੀ ਲਈ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਉਸ ਕੋਲੋਂ ਸਿਰਫ਼ ਜਾਣਕਾਰੀ ਪ੍ਰਾਪਤ ਕੀਤੀ ਸੀ। ਗੰਭੀਰਤਾ ਨਾਲ ਅਜਿਹੀ ਕੋਈ ਪੁੱਛਗਿੱਛ ਨਹੀਂ ਕੀਤੀ ਜਿਸ ਨਾਲ ਉਹ ਪ੍ਰੇਸ਼ਾਨ ਹੋਇਆ ਹੋਵੇ।
