ਫ਼ਰੀਦਕੋਟ : ਪੰਜਾਬ ਦੀ ਇਕ ਜਾਇਦਾਦ ਦੀ ਚਰਚਾ ਕਾਫੀ ਲੰਬੇ ਸਮੇਂ ਤੋਂ ਸੀ ਤੇ ਅੱਜ ਉਸ ਜਾਇਦਾਦ ਦਾ ਵਿਵਾਦ ਲੰਬੀ ਲੜਾਈ ਤੋਂ ਬਾਅਦ ਖ਼ਤਮ ਹੋ ਗਿਆ। ਇਹ ਵਿਵਾਦ 30 ਸਾਲ ਤਕ ਚੱਲਦਾ ਰਿਹਾ। ਇਹ ਵਿਵਾਦ ਹੈ ਫ਼ਰੀਦਕੋਟ ਦੇ ਮਹਾਰਾਜ ਹਰਿੰਦਰ ਸਿੰਘ ਬਰਾੜ ਦੀ ਸ਼ਾਹੀ ਜਾਇਦਾਦ ਦਾ। ਜਾਇਦਾਦ ਵੀ 5-10 ਕਰੋੜ ਦੀ ਨਹੀਂ, ਇਸ ਦੀ ਕੀਮਤ 20 ਤੋਂ 25 ਹਜ਼ਾਰ ਕਰੋੜ ਰੁਪਏ ਤਕ ਦੱਸੀ ਜਾਂਦੀ ਹੈ। ਹੁਣ ਸੁਪਰੀਮ ਕੋਰਟ ਨੇ ਇਸ ਜਾਇਦਾਦ ‘ਤੇ ਹਰਿੰਦਰ ਸਿੰਘ ਬਰਾੜ ਦੀਆਂ ਧੀਆਂ ਦਾ ਹੱਕ ਦੱਸਿਆ ਹੈ।
ਦੇਸ਼ ਦੀ ਸਰਵ ਉੱਚ ਅਦਾਲਤ ਨੇ ਬੁੱਧਵਾਰ ਨੂੰ ਫਰੀਦਕੋਟ ਰਿਆਸਤ ਦੇ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਗੈਰਕਾਨੂੰਨੀ ਮੰਨਦਿਆਂ ਇਸ ਵਸੀਅਤ ਦੇ ਆਧਾਰ ‘ਤੇ ਬਣੇ ਟਰੱਸਟ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਫ਼ਰੀਦਕੋਟ ਰਿਆਸਤ ਦੀ ਕੁੱਲ ਜਾਇਦਾਦ ਨੂੰ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੇ ਪਰਿਵਾਰ ‘ਚ ਵੰਡਣ ਦੇ ਆਦੇਸ਼ ਦਿੱਤੇ ਹਨ। 20,000 ਕਰੋੜ ਤੋਂ ਵੱਧ ਦੀ ਜਾਇਦਾਦ ਹੁਣ ਤਕ ਮਹਾਰਾਵਲ ਖੀਵਾਜੀ ਟਰੱਸਟ ਸਾਂਭ ਰਿਹਾ ਸੀ। 30 ਸਤੰਬਰ ਤੋਂ ਬਾਅਦ ਮਹਾਰਾਵਲ ਖੀਵਾਜੀ ਟਰੱਸਟ ਦੀ ਹੋਂਦ ਖ਼ਤਮ ਹੋ ਜਾਵੇਗੀ ਤੇ ਸਾਰੀ ਜਾਇਦਾਦ ਸ਼ਾਹੀ ਪਰਿਵਾਰ ‘ਚ ਵੰਡਣ ਪ੍ਰਕਿਰਿਆ ਆਰੰਭ ਹੋਵੇਗੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਫਰੀਦਕੋਟ ਰਿਆਸਤ ਦੀ ਜਾਇਦਾਦ ‘ਚ ਉਨ੍ਹਾਂ ਦੀਆਂ ਧੀਆਂ ਅੰਮ੍ਰਿਤ ਕੌਰ ਤੇ ਦੀਪਇੰਦਰ ਕੌਰ ਨੂੰ ਹਿੱਸਾ ਦੇਣ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ, ਜਸਟਿਸ ਐਸ ਰਵਿੰਦਰ ਭੱਟ ਤੇ ਸਿਧਾਂਸ਼ੂ ਧੂਲੀਆ ਦੀ ਬੈਂਚ ਨੇ 28 ਜੁਲਾਈ ਨੂੰ ਜਾਇਦਾਦ ਬਾਰੇ ਫ਼ੈਸਲਾ ਰਾਖਵਾਂ ਰੱਖਦਿਆਂ ਹਾਈ ਕੋਰਟ ਦੇ ਹੁਕਮਾਂ ‘ਚ ਕੁਝ ਸੋਧਾਂ ਕਰਨ ਦਾ ਹੁਕਮ ਦਿੱਤਾ ਸੀ। ਇਸ ਨੇ 33 ਸਾਲਾਂ ਪਹਿਲਾਂ ਹੀ ਟਰੱਸਟ ਨੂੰ ਭੰਗ ਕਰ ਦਿੱਤਾ ਸੀ।
ਬਰਾੜ ਦੀ ਵਸੀਅਤ ਅਨੁਸਾਰ ਟਰੱਸਟ ਇਸ ਸ਼ਾਹੀ ਜਾਇਦਾਦ ਦੀ ਸੰਭਾਲ ਕਰੇਗਾ। ਓਧਰ ਟਰੱਸਟ ਦੇ ਸੀਈਓ ਜਗੀਰ ਸਿੰਘ ਸਰਾਂ ਨੇ ਕਿਹਾ ਕਿ ਕੋਰਟ ਦੇ ਹੁਕਮਾਂ ਅਨੁਸਾਰ ਇਹ ਵਸੀਅਤ ਅਵੈਧ ਹੈ। ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਜ਼ੁਬਾਨੀ ਹੁਕਮ ਮਿਲਿਆ ਹੈ ਲਿਖਤੀ ਹੁਕਮਾਂ ਦਾ ਅਜੇ ਇੰਤਜ਼ਾਰ ਹੈ।
ਇਸ ਤੋਂ ਬਾਅਦ ਸਾਲ 2022 ‘ਚ ਟਰੱਸਟ ਨੇ ਹਾਈਕੋਰਟ ਦੇ 1 ਜੂਨ 1982 ਦੇ ਹੁਕਮਾਂ ਖਿਲਾਫ਼ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਤੇ ਸੁਪਰੀਮ ਕੋਰਟ ਨੇ ਫ਼ੈਸਲਾ ਆਉਣ ਤਕ ਟਰੱਸਟ ਨੂੰ ਕੇਅਰਟੇਕਰ ਦੇ ਤੌਰ ‘ਤੇ ਟਰੱਸਟ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਸੀ।
ਕਿੰਨੀ ਸੀ ਜਾਇਦਾਦ ?
ਇਸ ਜਾਇਦਾਦ ‘ਚ ਕਿਲੇ, ਮਹਿਲ ਇਮਾਰਤਾਂ, ਸੈਂਕੜੇ ਏਕੜ ਜ਼ਮੀਨ, ਗਹਿਣੇ, ਪੁਰਾਣੀਆਂ ਕਾਰਾਂ ਤੇ ਵੱਡਾ ਬੈਂਕ ਬੈਲੇਂਸ ਸ਼ਾਮਲ ਹੈ। ਇਨ੍ਹਾਂ ਵਿੱਚ ਫਰੀਦਕੋਟ ਦਾ ਰਾਜਮਹਿਲ (14 ਏਕੜ), ਫਰੀਦਕੋਟ ਦਾ ਕਿਲਾ ਮੁਬਾਰਕ (10 ਏਕੜ), ਨਵੀਂ ਦਿੱਲੀ ਦਾ ਫਰੀਦਕੋਟ ਹਾਊਸ (ਅਨੁਮਾਨਿਤ ਕੀਮਤ 1200 ਕਰੋੜ), ਚੰਡੀਗੜ੍ਹ ਦਾ ਮਨੀਮਾਜਰਾ ਕਿਲਾ (4 ਏਕੜ), ਸ਼ਿਮਲਾ ਦਾ ਫਰੀਦਕੋਟ ਹਾਊਸ (260 ਵਿੱਘੇ ਬੰਗਲਾ), 18 ਵਿੰਟੇਜ ਕਾਰਾਂ (ਰੋਲ) ਸ਼ਾਮਲ ਹਨ। ਰਾਇਸ, ਬੈਂਟਲੇ, ਜੈਗੁਆਰ ਆਦਿ), 1000 ਕਰੋੜ ਦਾ ਸੋਨਾ ਅਤੇ ਹੀਰੇ ਸ਼ਾਮਲ ਹਨ।
