ਜਲੰਧਰ: ਲੰਪੀ ਸਕਿਨ ਰੋਗ ਦਾ ਪ੍ਰਕੋਪ ਸੂਬੇ ਅੰਦਰ ਖ਼ਤਮ ਹੋਣ ਕੰਢੇ ਪੁੱਜ ਚੁੱਕਾ ਹੈ । ਹਾਲਾਂਕਿ ਰੋਗਗ੍ਰਸਤ ਪਸ਼ੂਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। ਪੰਜਾਬ ’ਚ ਭਿਆਨਕ ਰੋਗ ਦੀ ਲਪੇਟ ’ਚ ਆਉਣ ਵਾਲੇ ਪਸ਼ੂਆਂ ਦੇ ਮਾਮਲੇ, ਮੌਤਾਂ ਅਤੇ ਵੈਕਸੀਨੇਸ਼ਨ ਸਬੰਧੀ ਰਿਪੋਰਟ ਪਸ਼ੂ ਪਾਲਣ ਵਿਭਾਗ ਵੱਲੋਂ ਰੋਜ਼ਾਨਾ ਹੀ ਕੇਂਦਰ ਦੇ ਸਬੰਧਤ ਮੰਤਰਾਲੇ ਨੂੰ ਭੇਜੀ ਜਾ ਰਹੀ ਹੈ। ਸੂਬਾ ਸਰਕਾਰ ਵੱਲੋਂ ਵੀ ਕੇਂਦਰ ਨੂੰ ਲੰਪੀ ਰੋਗ ਨੂੰ ਮਹਾਮਾਰੀ ਐਲਾਨੇ ਜਾਣ ਲਈ ਕਿਹਾ ਜਾ ਚੁੱਕਾ ਹੈ। ਓਧਰ ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਵਿਭਾਗ ਵੱਲੋਂ ਲੰਪੀ ਰੋਗ ਨਾਲ ਮਰਨ ਵਾਲੇ ਪਸ਼ੂਆਂ ਦੇ ਜਾਰੀ ਕੀਤੇ ਜਾ ਰਹੇ ਅੰਕੜੇ ਅਸਲੀਅਤ ਤੋਂ ਦੂਰ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾਬ ਅੰਦਰ ਇਸ ਭਿਆਨਕ ਰੋਗ ਨਾਲ ਹੁਣ ਤਕ ਸਵਾ ਲੱਖ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੀਆਂ ਕਿਸਾਨ ਜਥੇਬੰਦੀਆਂ ਵੀ ਪਸ਼ੂ ਪਾਲਕਾਂ ਨੂੰ ਮੁਆਵਜ਼ਾ ਦੇਣ ਲਈ ਪੰਜਾਬ ਸਰਕਾਰ ਤੋਂ ਮੰਗ ਕਰ ਰਹੀਆਂ ਹਨ।
ਪਸ਼ੂ ਪਾਲਣ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸੂਬੇ ’ਚ ਅੱਜ ਤਕ ਲੰਪੀ ਸਕਿਨ ਰੋਗ ਦੇ 1,74,052 ਕੇਸ ਸਾਹਮਣੇ ਆ ਚੁੱਕੇ ਹਨ। ਇਸ ਰੋਗ ਨਾਲ ਹੁਣ ਤਕ 17575 ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ 9,16,420 ਗਾਵਾਂ ਨੂੰ ਵੈਕਸੀਨ ਦੀ ਡੋਜ਼ ਲਾਈ ਜਾ ਚੁੱਕੀ ਹੈ।
ਪ੍ਰੋਗ੍ਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਦਲਜੀਤ ਸਿੰਘ ਸਦਰਪੁਰਾ ਦਾ ਕਹਿਣਾ ਹੈ ਪੰਜਾਬ ਅੰਦਰ ਹੁਣ ਤਕ ਇਸ ਰੋਗ ਨਾਲ ਸਵਾ ਲੱਖ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਸ਼ੂਆਂ ਦੀ ਮੌਤ ਬਾਰੇ ਅੰਕੜੇ ਬਹੁਤ ਹੀ ਘਟਾ ਕੇ ਦੱਸੇ ਜਾ ਰਹੇ ਹਨ। ਪ੍ਰਧਾਨ ਸਦਰਪੁਰਾ ਨੇ ਕਿਹਾ ਕਿ ਸੂਬੇ ਅੰਦਰ ਅਜਿਹਾ ਕੋਈ ਪਿੰਡ ਨਹੀਂ ਬਚਿਆ ਜਿੱਥੇ ਲੰਪੀ ਰੋਗ ਨਾਲ ਗਾਵਾਂ ਦੀ ਮੌਤ ਨਾ ਹੋਈ ਹੋਵੇ। ਕਈ ਛੋਟੇ ਡੇਅਰੀ ਫਾਰਮਰ ਅਜਿਹੇ ਹਨ, ਜਿਨ੍ਹਾਂ ਦੀਆਂ 10 ਦੀਆਂ 10 ਗਾਵਾਂ ਵੀ ਇਸ ਮਹਾਮਾਰੀ ਦੀ ਭੇਟ ਚੜ੍ਹ ਗਈਆ ਹਨ। ਮੌਤਾਂ ਦੇ ਸਰਕਾਰੀ ਅੰਕੜੇ ਘੱਟ ਹੋਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਲੰਪੀ ਰੋਗ ਦੇ ਸ਼ੁਰੂਆਤੀ ਦੌਰ ’ਚ ਪਸ਼ੂ ਪਾਲਣ ਵਿਭਾਗ ਨੇ ਗਾਵਾਂ ਦੀ ਮੌਤ ਬਾਰੇ ਅੰਕੜੇ ਇਕੱਤਰ ਨਹੀਂ ਕੀਤੇ ਸਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰ ਕੇ ਸਹੀ ਢੰਗ ਨਾਲ ਸਰਵੇ ਕਰਵਾ ਕੇ ਮੌਤਾਂ ਦੇ ਅੰਕੜੇ ਨੋਟ ਕਰਨ ਲਈ ਕਿਹਾ ਸੀ ਤਾਂ ਕਿ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਮਿਲ ਸਕੇ।
9 ਲੱਖ ਤੋਂ ਵੀ ਵੱਧ ਗਾਵਾਂ ਨੂੰ ਲੱਗੀ ਡੋਜ਼, ਵੈਕਸੀਨੇਸ਼ਨ ਜਾਰੀ
ਪਸ਼ੂ ਪਾਲਣ ਵਿਭਾਗ ਦੇ ਲੰਪੀ ਸਕਿਨ ਰੋਗ ਦੇ ਨੋਡਲ ਅਫਸਰ ਡਾ. ਰਾਮਪਾਲ ਮਿੱਤਲ ਦਾ ਕਹਿਣਾ ਹੈ ਕਿ ਸੂਬੇ ’ਚ ਹੁਣ ਤਕ 1,74,052 ਕੇਸ ਸਾਹਮਣੇ ਆਏ ਹਨ। ਇਸ ਰੋਗ ਨਾਲ ਸੂਬੇ ’ਚ ਮਰਨ ਵਾਲੀਆਂ ਗਾਵਾਂ ਦਾ ਅੰਕੜਾ 17575 ਹੋ ਚੁੱਕਾ ਹੈ ਅਤੇ 9,16,420 ਗਾਵਾਂ ਦੀ ਵੈਕਸੀਨ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਵੈਕਸੀਨੇਸ਼ਨ ਦਾ ਕੰਮ ਲਗਾਤਾਰ ਜਾਰੀ ਹੈ ਤੇ ਛੇਤੀ ਹੀ ਸਾਰੀਆਂ ਤੰਦਰੁਸਤ ਗਾਵਾਂ ਦੀ ਵੈਕਸੀਨੇਸ਼ਨ ਪੂਰੀ ਕਰ ਲਈ ਜਾਵੇਗੀ।
