ਤਰਨਤਾਰਨ: ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ’ਤੇ ਸ਼ਨਿਚਰਵਾਰ ਸਵੇਰੇ ਵਿਦਿਅਰਥੀਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ 8 ਸਾਲਾ ਵਿਦਿਆਰਥਣ ਸਮੇਤ ਸਕੂਲ ਬੱਸ ਦੇ ਚਾਲਕ ਦੀ ਮੌਤ ਹੋ ਗਈ। ਜਦੋਂਕਿ ਅੱਧਾ ਦਰਜਨ ਦੇ ਕਰੀਬ ਵਿਦਿਆਰਥੀਆਂ ਨੂੰ ਸੱਟਾਂ ਲੱਗ ਗਈਆਂ। ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਿੱਜੀ ਸਕੂਲ ਦੀ ਇਕ ਬੱਸ ਸ਼ਨਿਚਰਵਾਰ ਸਵੇਰੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ। ਤਰਨਤਾਰਨ-ਸ੍ਰੀ ਗੋਇੰਦਵਾਲ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਵੇਂਈਪੂੰਈ ਕੋਲ ਇਸ ਬੱਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਟਰੱਕ ਅਤੇ ਬੱਸ ਦੋਵੇਂ ਪਲਟ ਗਏ। ਮੌਕੇ ’ਤੇ ਪਹੁੰਚੇ ਚੌਂਕੀ ਫਤਿਆਬਾਦ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਰਣਧੀਰ ਸਿੰਘ ਵਾਸੀ ਰੈਸ਼ੀਆਣਾ ਅਤੇ ਵਿਦਿਆਰਥਣ ਸੀਰਤਪਾਲ ਕੌਰ (8) ਦੀ ਮੌਤ ਹੋ ਗਈ ਹੈ। ਜਦੋਂਕਿ ਬਾਕੀ ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਇਲਾਜ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਬਣੇ ਟਰੱਕ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
