ਜਲੰਧਰ : ਮੰਡ ਕੋਲ ਪੈਂਦੇ ਪਿੰਡ ਸੰਗਲ ਸੋਹਲ ਵਿਚ ਸਥਿਤ ਇਕ ਰਬੜ ਫੈਕਟਰੀ ਵਿਚ ਵੀਰਵਾਰ ਤੜਕੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਕਰੋੜਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਬੁਝਾਉਣ ਲਈ 30 ਤੋਂ ਵੱਧ ਗੱਡੀਆਂ ਨੂੰ ਕੜੀਮਸ਼ੱਕਤ ਕਰਨੀ ਪਈ।

ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਫਾਇਰ ਬ੍ਰਿਗੇਡ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕੇ ਸੂਚਨਾ ਮਿਲੀ ਸੀ ਕਿ ਸੰਗਲ ਸੋਹਲ ‘ਚ ਪੈਂਦੀ ਏਵੀਆਈ ਰਬੜ ਫੈਕਟਰੀ ‘ਚ ਅੱਗ ਲੱਗ ਗਈ ਹੈ ਜਿਸ ਨਾਲ ਉਹ ਗੱਡੀਆਂ ਲੈ ਕੇ ਮੌਕੇ ‘ਤੇ ਪਹੁੰਚੇ ਪਰ ਅੱਗ ਇੰਨੀ ਭਿਆਨਕ ਲੱਗੀ ਹੋਈ ਸੀ ਕਿ ਉਨ੍ਹਾਂ ਨੂੰ ਕਈ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਉਣੀਆਂ ਪਈਆਂ। ਉਨ੍ਹਾਂ ਦੱਸਿਆ ਕਿ ਜਿੱਦਾਂ ਹੀ ਗੱਡੀ ਅੱਗ ਬੁਝਾਉਣ ਲਈ ਆਉਂਦੀ ਹੈ, ਪਾਣੀ ਖ਼ਤਮ ਹੋ ਜਾਂਦਾ ਤੇ ਉਹ ਲਾਗੇ ਤਾਗੇ ਪੈਂਦੀਆਂ ਫੈਕਟਰੀਆਂ ਵਿੱਚੋਂ ਪਾਣੀ ਭਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਹੁਣ ਤਕ 30 ਤੋਂ ਵੱਧ ਗੱਡੀਆਂ ਲੱਗ ਚੁੱਕੀਆਂ ਹਨ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੈਕਟਰੀ ਵਿਚ ਰਬੜ ਅਤੇ ਕੈਮੀਕਲ ਦਾ ਸਾਮਾਨ ਜ਼ਿਆਦਾ ਹੋਣ ਕਾਰਨ ਅੱਗ ਲਗਾਤਾਰ ਫੈਲਦੀ ਗਈ, ਜਿਸ ਨੂੰ ਬੁਝਾਉਣ ‘ਚ ਕੜੀ ਮੁਸ਼ੱਕਤ ਕਰਨੀ ਪੈ ਗਈ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਫਿਲਹਾਲ ਪਤਾ ਨਹੀਂ ਲੱਗ ਸਕਿਆ।

