ਸਮਾਣਾ : ਸ਼ਨਿਚਰਵਾਰ ਸ਼ਾਮ ਸਮਾਣਾ-ਪਾਤੜਾਂ ਸੜਕ ਤੇ ਕਾਰ-ਬਾਈਕ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿਚ ਮੋਟਰਸਾਈਕਲ ਸਵਾਰ ਕਿਸਾਨ ਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਿਸ ਦੇ ਏਐੱਸਆਈ ਪੂਰਨ ਸਿੰਘ ਨੇ ਦੱਸਿਆ ਕਿ ਰਮਨਦੀਪ ਸਿੰਘ (28) ਪਿਤਾ ਹਰਜਿੰਦਰ ਸਿੰਘ (50) ਵਾਸੀ ਪਿੰਡ ਮਰਦਾਂਹੇੜੀ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਾਣਾ ਵੱਲ ਆ ਰਹੇ ਸਨ। ਸ਼ਹਿਰ ਵੱਲੋਂ ਦਾਖਲ ਹੁੰਦੇ ਸਮੇਂ ਸਰਕਾਰੀ ਰੈਸਟ ਹਾਊਸ ਨੇੜੇ ਸਾਹਮਣਿਓਂ ਆ ਰਹੀ ਤੇਜ਼ ਰਫਤਾਰ ਕਾਰ ਨਾਲ ਟੱਕਰ ਹੋ ਗਈ। ਹਾਦਸੇ ਵਿਚ ਮੋਟਰਸਾਈਕਲ ਸਵਾਰ ਪਿਤਾ-ਪੁੱਤਰ ਗੰਭੀਰ ਜ਼ਖ਼ਮੀ ਹੋ ਗਏ, ਦੋਵਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਹਰਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਤੇ ਰਮਨਦੀਪ ਸਿੰਘ ਨੂ ਪਟਿਆਲਾ ਰੈਫਰ ਕਰ ਦਿੱਤਾ। ਪਟਿਆਲਾ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿਚ ਕਾਰ ਚਾਲਕ ਸੁਖਦੇਵ ਸਿੰਘ ਵਾਸੀ ਪਿੰਡ ਬਰਾਸ ਵੀ ਜ਼ਖ਼ਮੀ ਹੋ ਗਿਆ। ਪੁਲਿਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀਆਂ ਗਈਆਂ। ਮ੍ਰਿਤਕ ਰਮਨਦੀਪ ਬਿਜਲੀ ਬੋਰਡ ’ਚ ਕੰਮ ਕਰਦਾ ਸੀ ਤੇ ਆਪਣੇ ਪਿੱਛੇ ਦੋ ਸਾਲਾਂ ਦਾ ਬੱਚਾ ਛੱਡ ਗਿਆ।
