ਨਵਾਂਸ਼ਹਿਰ : ਘਰੇਲੂ ਝਗੜੇ ਕਾਰਨ ਪਤਨੀ ਤੋਂ ਤੰਗ ਆ ਕੇ ਪਤੀ ਵੱਲੋਂ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਥਾਣਾ ਔੜ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਵਾਪਰੀ ਦੁਖਦਾਈ ਘਟਨਾ ਸਬੰਧੀ ਪੁਲਿਸ ਨੂੰ ਦਿੱਤੇ ਬਿਆਨ ਵਿਚ ਮ੍ਰਿਤਕ ਦੇ ਪਿਤਾ ਮਹਿੰਦਰ ਪਾਲ ਪੁੱਤਰ ਗੁਲਜ਼ਾਰਾ ਰਾਮ ਵਾਸੀ ਪਿੰਡ ਸਾਹਲੋਂ ਥਾਣਾ ਔੜ ਨੇ ਦੱਸਿਆ ਕਿ ਉਸ ਦੇ ਲੜਕੇ ਅਜੈ ਕੁਮਾਰ ਦਾ ਵਿਆਹ ਜਨਵਰੀ 2019 ਵਿਚ ਸੁਨੀਤਾ ਦੇਵੀ ਪੁੱਤਰੀ ਗਿਆਨ ਚੰਦ ਵਾਸੀ ਮੁਹੱਲਾ ਨਿਰਮਲ ਨਗਰ ਦੁੱਘਰੀ ਲੁਧਿਆਣਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਸੁਨੀਤਾ ਦੇਵੀ ਆਪਣੇ ਪਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਬਿਨਾਂ ਵਜ੍ਹਾ ਲੜਕੀ ਝਗੜਾ ਕਰਦੀ ਰਹਿੰਦੀ ਸੀ ਅਤੇ ਕਈ ਵਾਰ ਲੜ ਝਗੜ ਕੇ ਆਪਣੇ ਪੇਕੇ ਵੀ ਚਲੀ ਜਾਂਦੀ ਸੀ। ਜਦੋਂ ਪਰਿਵਾਰ ਵਲੋਂ ਪਿੰਡ ਦੀ ਪੰਚਾਇਤ ਵਿਚ ਗੱਲ ਕੀਤੀ ਗਈ ਤਾਂ ਮ੍ਰਿਤਕ ਦੀ ਪਤਨੀ ਤੇ ਉਸ ਦੇ ਭਰਾਵਾਂ ਤੇ ਭੈਣਾਂ ਨੇ ਪੰਚਾਇਤ ਵਿਚ ਆ ਕੇ ਉਨ੍ਹਾਂ ਦੀ ਬੇਇਜ਼ਤੀ ਕੀਤੀ ਤੇ ਧਮਕੀਆਂ ਦਿੱਤੀਆਂ ਜਿਸ ਤੋਂ ਤੰਗ ਪਰੇਸ਼ਾਨ ਹੋ ਕੇ ਬਿਆਨ ਕਰਤਾ ਦੇ ਲੜਕੇ ਅਜੈ ਕੁਮਾਰ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੇ ਪਿਤਾ ਮਹਿੰਦਰ ਪਾਲ ਉਕਤ ਵਲੋਂ ਦਿੱਤੇ ਗਏ ਬਿਆਨ ’ਤੇ ਏਐਸਆਈ ਕੇਵਲ ਕ੍ਰਿਸ਼ਨ ਵੱਲੋਂ ਮ੍ਰਿਤਕ ਦੀ ਪਤਨੀ ਸੁਨੀਤਾ ਦੇਵੀ, ਸੁਨੀਤਾ ਦੇਵੀ ਦੀ ਭੈਣ ਸਰੋਜ, ਸੋਨੂੰ, ਭਰਾ ਬੌਬੀ ਵਾਸੀਆਨ ਮੁਹੱਲਾ ਨਿਰਮਲ ਨਗਰ ਦੁੱਘਰੀ ਲੁਧਿਆਣਾ ਤੇ ਕਮਲਾ ਪਤਨੀ ਸੁੱਚਾ ਰਾਮ ਭੈਣ ਸੁਨੀਤਾ ਦੇਵੀ ਵਾਸੀ ਪਿੰਡ ਰਟੈਂਡਾ ਥਾਣਾ ਮੁਕੰਦਪੁਰ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਵੱਲੋਂ ਮ੍ਰਿਤਕ ਦੀ ਪਤਨੀ ਸੁਨੀਤਾ ਦੇਵੀ ਨੂੰ ਗ੍ਰਿਫਤਾਰ ਕਰ ਕੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਮਾਮਲਾ ਜ਼ੇਰੇ ਤਫਤੀਸ਼ ਹੈ।
