ਪਟਿਆਲਾ : ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਨੇ ਦੀ ਰੈਵੀਨਿਊ ਪਟਵਾਰ ਯੂਨੀਅਨ, ਪੰਜਾਬ ਅਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ, ਪੰਜਾਬ ਦੇ ਵਫ਼ਦ ਨਾਲ ਮੀਟਿੰਗ ਕਰਕੇ ਰਾਜ ‘ਚ ਹੜਤਾਲ ‘ਤੇ ਚੱਲ ਰਹੇ ਮਾਲ ਪਟਵਾਰੀਆਂ ਦੀ ਹੜਤਾਲ ਖ਼ਤਮ ਕਰਵਾਈ। ਪਟਵਾਰ ਯੂਨੀਅਨ ਦੇ ਆਗੂਆਂ ਨੇ ਆਪਣੀ ਹੜਤਾਲ ਖ਼ਤਮ ਕਰਨ ਦਾ ਐਲਾਨ ਸੋਮਵਾਰ ਸ਼ਾਮ ਪਟਿਆਲਾ ਦੇ ਸਰਕਟ ਹਾਊਸ ਵਿਖੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੀ ਮੌਜੂਦਗੀ ‘ਚ ਕੀਤਾ। ਮਾਲ ਮੰਤਰੀ ਨੇ ਇਸ ਤੋਂ ਪਹਿਲਾਂ ਪਟਵਾਰ ਯੂਨੀਅਨ ਆਗੂਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਵਧੀਕ ਮੁੱਖ ਸਕੱਤਰ-ਕਮ-ਵਿੱਤ ਸਕੱਤਰ ਮਾਲ ਅਨੁਰਾਗ ਅਗਰਵਾਲ, ਮਾਲ ਵਿਭਾਗ ਦੇ ਸਕੱਤਰ ਮਨਵੇਸ਼ ਸਿੰਘ ਸਿੱਧੂ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਤੇ ਐਸ.ਐਸ.ਪੀ. ਦੀਪਕ ਪਾਰੀਕ ਵੀ ਮੌਜੂਦ ਸਨ। ਜਦਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਦੀ ਤਾਲਮੇਲ ਕਮੇਟੀ ਦੀ ਤਰਫ਼ੋਂ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਵੱਲੋਂ ਮੋਹਨ ਸਿੰਘ ਭੇਡਪੁਰਾ ਸਮੇਤ ਉਂਕਾਰ ਸਿੰਘ ਤੇ ਸੁਖਵਿੰਦਰ ਸਿੰਘ ਸੁੱਖੀ ਤੇ ਹੋਰ ਆਗੂ ਵੀ ਸ਼ਾਮਲ ਸਨ।
ਮਾਲ ਮੰਤਰੀ ਨੇ ਪਟਵਾਰ ਯੂਨੀਅਨ ਆਗੂਆਂ ਦਾ ਵਿਸ਼ੇਸ ਧੰਨਵਾਦ ਕਰਦਿਆਂ ਕਿਹਾ ਕਿ ਪਟਵਾਰ ਯੂਨੀਅਨ ਨੇ ਲੋਕ ਹਿੱਤਾਂ ਦੇ ਮੱਦੇਨਜ਼ਰ ਆਪਣੀ ਹੜਤਾਲ ਵਾਪਸ ਲਈ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨ ਨਾਲ ਸਦਭਾਵਨਾ ਦੇ ਮਾਹੌਲ ‘ਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਮਲੇਰਕੋਟਲਾ ਜ਼ਿਲ੍ਹੇ ਦੇ ਪਟਵਾਰੀ ਦੀਦਾਰ ਸਿੰਘ ਵਿਰੁੱਧ ਦਰਜ ਵਿਜੀਲੈਂਸ ਕੇਸ ‘ਚ ਜਾਂਚ ਅਧਿਕਾਰੀ ਨੂੰ ਤਬਦੀਲ ਕੀਤਾ ਜਾਵੇਗਾ ਅਤੇ ਪਟਵਾਰੀਆਂ ਦੀਆਂ ਬਾਕੀ ਜਾਇਜ਼ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਪੜਾਅਵਾਰ ਢੰਗ ਨਾਲ ਬਹੁਤ ਜਲਦ ਮੰਨ ਲਿਆ ਜਾਵੇਗਾ।
ਇਸ ਮੌਕੇ ਰੈਵੀਨਿਊ ਪਟਵਾਰ ਯੂਨੀਅਨ ਦੇ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਮਾਨਵੀ ਹਿੱਤਾਂ ਦੇ ਮੱਦੇਨਜ਼ਰ ਜਿਹੜੇ ਪਟਵਾਰ ਸਰਕਲਾਂ ਦਾ ਉਨ੍ਹਾਂ ਕੋਲ ਵਾਧੂ ਚਾਰਜ ਹੈ, ਵਿਖੇ ਅੱਜ ਸ਼ਾਮ ਤੋਂ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਬਾਕੀ ਸਰਕਲਾਂ ‘ਚ ਮੰਗਲਵਾਰ ਸਵੇਰੇ ਪਟਵਾਰੀਆਂ ਦੇ ਦਫ਼ਤਰ ਆਮ ਲੋਕਾਂ ਦੇ ਕੰਮਾਂ ਲਈ ਖੁੱਲ੍ਹ ਜਾਣਗੇ।
ਮੰਤਰੀ ਜਿੰਪਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਟਵਾਰੀਆਂ ਦੀਆਂ ਮੰਗਾਂ ਮੰਨਣ ‘ਚ ਹੋਈ ਦੇਰੀ ਦੇ ਸਵਾਲ ‘ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ ਗੁੱਸਾ ਪਟਵਾਰੀ ਉਨ੍ਹਾਂ ਦੀ ਸਰਕਾਰ ‘ਤੇ ਨਹੀਂ ਕੱਢ ਸਕਦੇ ਪਰੰਤੂ ਮੌਜੂਦਾ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਖ਼ੁਦ ਪਟਵਾਰੀਆਂ ਨਾਲ ਹਮਦਰਦੀ ਰੱਖਦੀ ਹੈ, ਇਸ ਲਈ ਪਟਵਾਰੀਆਂ ਦੀ ਕੋਈ ਵੀ ਮੰਗ ਬਕਾਇਆ ਨਹੀਂ ਰਹੇਗੀ।
ਬ੍ਰਹਮ ਸ਼ੰਕਰ ਜਿੰਪਾ ਨੇ ਹੋਰ ਕਿਹਾ ਕਿ ਐਸਐਸਐਸ ਬੋਰਡ ਰਾਹੀਂ ਭਰਤੀ 1090 ਪਟਵਾਰੀਆਂ ਨੂੰ ਜਲਦੀ ਹੀ ਸਿਖਲਾਈ ‘ਤੇ ਭੇਜਿਆ ਜਾਵੇਗਾ। ਇਸ ਤੋਂ ਬਿਨ੍ਹਾਂ ਸੂਬੇ ‘ਚ ਪਟਵਾਰੀਆਂ ਦੇ ਕੰਮ ਲਈ ਸੇਵਾ ਮੁਕਤ ਪਟਵਾਰੀਆਂ ਦੀਆਂ ਸੇਵਾਵਾਂ ਲੈਣ ਸਮੇਤ ਬਦਲਵੇਂ ਪ੍ਰਬੰਧ ਕੀਤੇ ਜਾਣਗੇ ਅਤੇ ਪਟਵਾਰੀਆਂ ਦੇ ਬੈਠਣ ਲਈ ਵੀ ਪੱਕੇ ਪ੍ਰਬੰਧ ਕੀਤੇ ਜਾਣਗੇ।
ਇਸ ਮੌਕੇ ਆਪ ਦੇ ਸੂਬਾ ਸੰਯੁਕਤ ਸਕੱਤਰ ਜਰਨੈਲ ਸਿੰਘ ਮੰਨੂ, ਜ਼ਿਲ੍ਹਾ ਦਿਹਾਤੀ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਜ਼ਿਲ੍ਹਾ ਈਵੈਂਟ ਇੰਚਾਰਜ ਅੰਗਰੇਜ ਸਿੰਘ ਰਾਮਗੜ੍ਹ, ਜਗਜੀਤ ਸਿੰਘ ਨਨਾਨਸੂ ਸਮੇਤ ਵੱਡੀ ਗਿਣਤੀ ‘ਚ ਹੋਰ ਆਗੂ ਵੀ ਮੌਜੂਦ ਸਨ।
