ਜੈਪੁਰ : Lumpy Virus ਰਾਜਸਥਾਨ ਵਿੱਚ ਤਬਾਹੀ ਮਚਾ ਰਹੀ ਹੈ। ਸੂਬੇ ‘ਚ ਲੰਪੀ ਵਾਇਰਸ ਕਾਰਨ ਹਜ਼ਾਰਾਂ ਗਾਵਾਂ ਆਪਣੀ ਜਾਨ ਗੁਆ ਚੁੱਕੀਆਂ ਹਨ। ਇਸ ਦੇ ਨਾਲ ਹੀ ਵਿਰੋਧੀ ਪਾਰਟੀ ਭਾਜਪਾ ਇਸ ਮੁੱਦੇ ਨੂੰ ਲੈ ਕੇ ਰਾਜ ਦੀ ਗਹਿਲੋਤ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਰਾਜਧਾਨੀ ਜੈਪੁਰ ‘ਚ ਭਾਜਪਾ ਵਰਕਰ ਗਹਿਲੋਤ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ।
ਜੈਪੁਰ ‘ਚ ਅੱਜ ਸੈਂਕੜੇ ਭਾਜਪਾ ਵਰਕਰ ਸੜਕਾਂ ‘ਤੇ ਉਤਰ ਆਏ ਹਨ। ਭਾਜਪਾ ਵਰਕਰਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ। ਪ੍ਰਦਰਸ਼ਨਕਾਰੀ ਗਹਿਲੋਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਹਨ। ਪੁਲਿਸ ਉਨ੍ਹਾਂ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।

ਬੈਰੀਕੇਡਾਂ ‘ਤੇ ਵਰਕਰ
ਭਾਜਪਾ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਪੁਲਿਸ ਨੇ ਬੈਰੀਕੇਡ ਲਗਾ ਦਿੱਤੇ ਪਰ ਭਾਜਪਾ ਵਰਕਰ ਬੈਰੀਕੇਡ ‘ਤੇ ਚੜ੍ਹ ਗਏ। ਰਾਜਸਥਾਨ ਭਾਜਪਾ ਪ੍ਰਧਾਨ ਸਤੀਸ਼ ਪੂਨੀਆ ਵੀ ਬੈਰੀਕੇਡ ‘ਤੇ ਚੜ੍ਹ ਗਏ। ਪੁਲਿਸ ਨੇ ਕਾਰਕੁਨਾਂ ਨੂੰ ਤਿਤਕ-ਬਿਤਰ ਕਰਨ ਲਈ ਜਲ ਤੋਪਾਂ ਦੀ ਵੀ ਵਰਤੋਂ ਕੀਤੀ।
60 ਹਜ਼ਾਰ ਤੋਂ ਵੱਧ ਗਾਵਾਂ ਦੀ ਮੌਤ
ਜ਼ਿਕਰਯੋਗ ਹੈ ਕਿ ਰਾਜਸਥਾਨ ਵਿੱਚ ਲੰਪੀ ਵਾਇਰਸ ਕਾਰਨ ਪਿਛਲੇ ਤਿੰਨ ਮਹੀਨਿਆਂ ਵਿੱਚ 60 ਹਜ਼ਾਰ ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ 8 ਲੱਖ ਗਾਵਾਂ ਲੰਪੀ ਨਾਲ ਸੰਕਰਮਿਤ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ 22 ਜ਼ਿਲ੍ਹਿਆਂ ‘ਚ ਚਮੜੀ ਦੀ ਬਿਮਾਰੀ ਫੈਲ ਚੁੱਕੀ ਹੈ। ਲੰਪੀ ਵਾਇਰਸ ਕਾਰਨ ਵੱਡੀ ਗਿਣਤੀ ਵਿੱਚ ਮੌਤਾਂ ਹੋਣ ਕਾਰਨ ਸੂਬੇ ਵਿੱਚ ਦੁੱਧ ਦਾ ਉਤਪਾਦਨ ਵੀ ਘਟਿਆ ਹੈ। ਦੁੱਧ ਦੀ ਕਮੀ ਕਾਰਨ ਕਈ ਜ਼ਿਲ੍ਹਿਆਂ ਵਿੱਚ ਇਸ ਦੀਆਂ ਕੀਮਤਾਂ ਵਧ ਗਈਆਂ ਹਨ।
